Close

Voter list-2023 correction campaign started

Publish Date : 09/11/2022
Voter list-2023 correction campaign started

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਸ਼ੁਰੂ

8 ਦਸੰਬਰ ਤੱਕ ਦਿੱਤੇ ਜਾ ਸਕਦੇ ਨਵੇਂ ਵੋਟ ਬਣਵਾਉਣ ਲਈ ਫ਼ਾਰਮ

ਪਹਿਲੀ ਜਨਵਰੀ ਨੂੰ 18 ਸਾਲ ਦੇ ਹੋ ਰਹੇ ਨੌਜਵਾਨ ਵੋਟ ਬਣਾਉੁਣ ਦੇ ਯੋਗ

ਮਤਦਾਤਾ ਸੂਚੀ ਦਾ ਖਰੜਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪਿਆ

ਰੂਪਨਗਰ, 9 ਨਵੰਬਰ

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਤੋਂ ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਦੀ ਸ਼ੁਰੂਆਤ ਹੋਈ ਹੈ। 9 ਨਵੰਬਰ ਤੋਂ 8 ਦਸੰਬਰ 2022 ਤੱਕ ਇੱਕ ਮਹੀਨੇ ਦੀ ਇਸ ਵੋਟਰ ਸੂਚੀ-2023 ਸੁਧਾਈ ਮੁਹਿੰਮ ਦੌਰਾਨ ਨਵੇਂ ਵੋਟ ਬਣਵਾਉਣ ਤੋਂ ਇਲਾਵਾ ਜਿਹੜੇ ਮਤਦਾਤਾ ਪਤਾ ਬਦਲਣ ਜਾਂ ਪਰਿਵਾਰਿਕ ਮੈਂਬਰ ਦੀ ਮੌਤ ਦੀ ਸੂਰਤ ’ਚ ਵੋਟ ਕਟਵਾਉਣੀ ਚਾਹੁੰਦੇ ਹਨ ਜਾਂ ਆਪਣੀ ਵੋਟ ’ਚ ਦਰੁਸਤੀ ਕਰਵਾਉਣਾ ਚਾਹੁੰਦੇ ਹਨ, ਆਪਣੇ ਬੂਥ ਲੈਵਲ ਅਫ਼ਸਰ ਜਾਂ ਨੇੜੇ ਪੈਂਦੇ ਐਸ ਡੀ ਐਮ ਕਮ ਮਤਾਦਤਾ ਰਜਿਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਲੋੜੀਂਦਾ ਫ਼ਾਰਮ ਭਰ ਕੇ ਦਾਅਵਾ ਜਾਂ ਇਤਰਾਜ਼ ਪੇਸ਼ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਪਹਿਲੀ ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਆਪੋ-ਆਪਣੇ ਬੂਥ ਦੇ ਬੀ ਐਲ ਓ ਰਾਹੀਂ ਫ਼ਾਰਮ ਨੰ. 6 ਭਰ ਕੇ ਆਪਣੀ ਵੋਟ ਰਜਿਸਟਰ ਕਰਵਾਉਣ ਦਾ ਸੱਦਾ ਵੀ ਦਿੱਤਾ।

ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤਾ ਗਿਆ ਡਰਾਫ਼ਟ ਰੋਲ (ਮਤਦਾਤਾ ਸੂਚੀ ਦਾ ਖਰੜਾ) ਵੀ ਬੀ ਐਲ ਓ ਕੋਲ, ਐਸ ਡੀ ਐਮ ਦਫ਼ਤਰ ਦੀ ਚੋਣ ਸ਼ਾਖਾ ’ਚ ਜਾਂ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ ਸੀ ਈ ਓ ਪੰਜਾਬ ਡਾਟ ਐਨ ਆਈ ਸੀ ਡਾਟ ਇੰਨ ’ਤੇ ਦੇਖਣ ਲਈ ਉਪਲਬਧ ਹੈ। ਇਹ ਖਰੜਾ ਜ਼ਿਲ੍ਹਾ ਪਰਬੰਧਕੀ ਕੰਪਲੈਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸੌਂਪਿਆ ਗਿਆ।

ਇਸ ਦੇ ਆਧਾਰ ’ਤੇ ਹੀ ਜੇਕਰ ਕਿਸੇ ਦੀ ਵੋਟ ਨਹੀਂ ਹੈ ਤਾਂ ਉਹ ਫ਼ਾਰਮ ਨੰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਜਾਂ ਦਰੁਸਤੀ ਕਰਵਾਉਣੀ ਹੈ ਤਾਂ ਫ਼ਾਰਮ ਨੰ. 7 (ਵੋਟ ਕਟਵਾਉਣ) ਅਤੇ ਸੋਧ ਲਈ ਫ਼ਾਰਮ ਨੰ. 8 ਭਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਕੇਵਲ ਪਹਿਲੀ ਜਨਵਰੀ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹੀ ਵੋਟਰ ਬਣਨ ਲਈ ਫ਼ਾਰਮ ਭਰ ਸਕਦੇ ਹਨ, ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੇ ਹੋਏ ਚੋਣ ਕਮਿਸ਼ਨ ਵੱਲੋਂ ਹੁਣ ਪਹਿਲੀ ਜਨਵਰੀ ਤੋਂ ਇਲਾਵਾ ਪਹਿਲੀ ਅਪਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜੁਆਨਾਂ ਲਈ ਵੀ ਵੋਟਰ ਬਣਨ ਦਾ ਮੌਕਾ ਮੁਹੱਈਆ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਮੁਹਿੰਮ ਦੀ ਮੁਕੰਮਲਤਾ ਬਾਅਦ 5 ਜਨਵਰੀ 2023 ਨੂੰ ਮਤਦਾਤਾ ਸੂਚੀ ਦੀ ਅੰਤਮ ਪ੍ਰਕਾਸ਼ਨਾ ਕੀਤੀ ਜਾਵੇਗੀ।

ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।