Social service organizations to come forward for relief work in affected areas – Mrs. Indu Malhotra
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪ੍ਰਭਾਵਿਤ ਖੇਤਰਾਂ ਦੇ ਰਾਹਤ ਕਾਰਜਾਂ ਲਈ ਅੱਗੇ ਆਉਣ ਸਮਾਜ ਸੇਵੀ ਸੰਸਥਾਵਾਂ – ਸ਼੍ਰੀਮਤੀ ਇੰਦੂ ਮਲਹੋਤਰਾ
ਕਮਿਸ਼ਨਰ ਰੂਪਨਗਰ ਮੰਡਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਕੀਤੀ ਮੀਟਿੰਗ
ਰੂਪਨਗਰ, 11 ਜੁਲਾਈ: ਰੂਪਨਗਰ ਮੰਡਲ ਦੇ ਕਮਿਸ਼ਨਰ ਸ਼੍ਰੀਮਤੀ ਇੰਦੂ ਮਲਹੋਤਰਾ ਵੱਲੋਂ ਰੂਪਨਗਰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਲਗਾਤਾਰ ਪਏ ਭਾਰੀ ਮੀਂਹ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਲਈ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਲਈ ਕਿਹਾ ਤਾਂ ਜੋ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਅਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਜਾ ਸਕੇ ਕਿ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤੇ ਇਹ ਸਭ ਤੁਹਾਡੇ ਸਹਿਯੋਗ ਅਤੇ ਤਾਲਮੇਲ ਨਾਲ ਹੀ ਸੰਭਵ ਹੈ।
ਉਨ੍ਹਾਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਰਿਹਾਇਸ਼, ਮੈਡੀਕਲ ਕੈਂਪ, ਪੀਣ ਵਾਲੇ ਪਾਣੀ, ਲੰਗਰ ਅਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਅਪੀਲ ਕੀਤੀ। ਜਿਸ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਮੰਨਦਿਆਂ ਵੱਖ-ਵੱਖ ਪ੍ਰਵਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਉਣ, ਲੰਗਰ ਲਗਾਉਣ, ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਂਣ, ਦਵਾਈਆਂ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆਂ ਗਿਆ।
ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਇਨ੍ਹਾਂ ਸੰਸਥਾਵਾਂ ਵੱਲੋਂ ਸ਼ਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਕਮਿਸ਼ਨਰ ਰੂਪਨਗਰ ਮੰਡਲ ਸ਼੍ਰੀਮਤੀ ਇੰਦੂ ਮਲਹੋਤਰਾ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਕਮਿਸ਼ਨਰ ਰੂਪਨਗਰ ਮੰਡਲ ਸ਼੍ਰੀਮਤੀ ਇੰਦੂ ਮਲਹੋਤਰਾ ਵਲੋਂ ਰੈੱਡ ਕਰਾਸ ਸੁਸਾਇਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 24 ਘੰਟੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤੱਤਪਰ ਰਹਿਣ ਅਤੇ ਜਿੱਥੇ ਕਿਤੇ ਵੀ ਕੋਈ ਘਾਟ ਦਿਖਾਈ ਦਿੰਦੀ ਹੈ ਉਸ ਘਾਟ ਨੂੰ ਰੈੱਡ ਕਰਾਸ ਸੁਸਾਇਟੀ ਵੱਲੋਂ ਪੂਰਾ ਕੀਤਾ ਜਾਵੇ।
ਇਸ ਮੀਟਿੰਗ ਦੌਰਾਨ ਨਹਿਰੂ ਯੁਵਾ ਕੇਂਦਰ ਤੋਂ ਕੋਆਰਡੀਨੇਟਰ ਪੰਕਜ ਯਾਦਵ, ਰੈੱਡ ਕਰਾਸ ਸੁਸਾਇਟੀ ਤੋਂ ਸਕੱਤਰ ਗੁਰਸੋਹਣ ਸਿੰਘ, ਆਈ.ਐੱਮ.ਏ. ਤੋਂ ਡਾ. ਭਾਨੂੰ ਪ੍ਰਤਾਪ ਸਿੰਘ ਪਰਮਾਰ, ਰੋਟਰੀ ਕਲੱਬ ਦੇ ਪ੍ਰਧਾਨ ਡਾ. ਨਮਰਤਾ ਪਰਮਾਰ, ਕਲਗੀਧਰ ਕੰਨਿਆ ਪਾਠਸ਼ਾਲਾ ਤੋਂ ਮਨਿੰਦਰਪਾਲ ਸਿੰਘ ਸਾਹਨੀ, ਸੀਨੀਅਰ ਸਿਟੀਜ਼ਨ ਜ਼ਿਲ੍ਹਾ ਪ੍ਰਧਾਨ ਇੰਜੀ. ਕਰਨੈਲ ਸਿੰਘ, ਈਕੋ ਕੰਨਵੇਰਜੇਸ਼ਨ ਤੋਂ ਹਰਪ੍ਰੀਤ ਕੌਰ, ਫਰੈਂਡਸ ਕਲੱਬ ਤੋਂ ਪਰਵੀਨ ਜੈਨ, ਜ਼ਿਲ੍ਹਾ ਯੂਥ ਕਲੱਬ ਤਾਲਮਲ ਕਮੇਟੀ ਤੋਂ ਸ਼ਿਵ ਕੁਮਾਰ, ਰੂਪਨਗਰ ਪੈਡਾਲਾਈਜ਼ ਰਨਰਜ਼ ਐਸੋਸੀਏਸ਼ਨ ਤੋਂ ਜਗਦੀਪ ਸਿੰਘ, ਰੋਪੜ ਯੂਥ ਵੈਲਫ਼ੇਅਰ ਕਲੱਬ ਤੋਂ ਜਤਿੰਦਰ ਸਿੰਘ, ਕਲਗੀਧਰ ਕੰਨਿਆ ਪਾਠਸ਼ਾਲਾ ਤੋਂ ਸੁਖਪ੍ਰੀਤ ਕੌਰ, ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਜਸਬੀਰ ਸਿੰਘ ਰਾਣਾ, ਸੰਕਲਪ ਸੁਸਾਇਟੀ ਤੋਂ ਇੰਜ.ਰਾਕੇਸ ਅਤੇ ਹੋਰ ਵਿਆਕਤੀ ਹਾਜ਼ਰ ਸਨ।