Total ban on single use plastics and plastic products: Dr. Preeti Yadav
ਇਕ ਵਾਰ ਲਈ ਵਰਤੋਂ ‘ਚ ਆਉਣ ਵਾਲੀ ਪਲਾਸਟਿਕ ਤੇ ਪਲਾਸਟਿਕ ਤੋਂ ਬਣੀਆਂ ਵਸਤਾਂ ‘ਤੇ ਪੂਰਨ ਪਾਬੰਦੀ: ਡਾ. ਪ੍ਰੀਤੀ ਯਾਦਵ
· ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਉਲੰਘਣਾ ਕਰਨ ਵਾਲਿਆਂ ‘ਤੇ ਕਰਨਗੀਆਂ ਕਾਰਵਾਈ
· ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਘੱਟੋਂ-ਘੱਟ 5 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ
ਰੂਪਨਗਰ, 5 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਉੱਤੇ ਪਾਬੰਦੀ ਬਾਰੇ ਪੋਸਟਰ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵਲੋਂ 1 ਜੁਲਾਈ ਤੋਂ ਪੰਜਾਬ ਰਾਜ ਵਿੱਚ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ (ਸਿੰਗਲ ਯੂਜ਼ ਪਲਾਸਟਿਕ) ਉੱਤੇ ਪਾਬੰਦੀ ਲਈ ਆਦੇਸ਼ ਜਾਰੀ ਕੀਤੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਟੀਮਾਂ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਛਾਪੇਮਾਰੀ ਕਰਨਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਕੋਲੋਂ ਪਲਾਸਟਿਕ ਦੀਆਂ ਵਸਤਾਂ ਨੂੰ ਜ਼ਬਤ ਕਰਨਗੀਆਂ ਅਤੇ ਦੂਜੇ ਪੜਾਅ ਵਿੱਚ ਇਨ੍ਹਾਂ ਖਿਲਾਫ ਘੱਟੋਂ-ਘੱਟ 5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਲੋਂ 12 ਅਗਸਤ, 2021 ਨੂੰ ਜਾਰੀ ਕੀਤੇ ਨੋਟਫਿਕੇਸ਼ਨ ਅਨੁਸਾਰ 1 ਜੁਲਾਈ, 2022 ਤੋਂ ਪਛਾਣੀਆਂ ਗਈਆਂ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਅਤੇ ਕੈਰੀ ਬੈਗ ਦੀ ਘੱਟੋ-ਘੱਟ ਮੋਟਾਈ ਨਿਰਧਾਰਤ ਕਰਨ ‘ਤੇ ਪਾਬੰਦੀ ਲਗਾਉਣੀ ਲਾਜ਼ਮੀ ਕੀਤੀ ਗਈ ਹੈ। ਜਿਸ ਲਈ ਇਨ੍ਹਾਂ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀਆਂ ਵਸਤੂਆਂ ਦੀ ਖਰੀਦ ਅਤੇ ਵੇਚ ਉੱਤੇ ਪੂਰਨ ਪਾਬੰਦੀ ਨੂੰ ਯਕੀਨੀ ਕੀਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਲਾਸਟਿਕ ਦੀਆਂ ਕੰਨਾਂ ਨੂੰ ਸਾਫ ਕਰਨ ਵਾਲੀਆਂ ਸਟਿਕਸ, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟਾਈਰੀਨ, ਸਜਾਵਟ ਲਈ ਥਰਮੋਕੋਲ ਡਿਸਪੋਜ਼ਲ ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਤੂੜੀ, ਟਰੇ , ਮਿਠਾਈਆਂ ਦੇ ਡੱਬਿਆਂ, ਸੱਦਾ ਪੱਤਰਾਂ, ਅਤੇ ਸਿਗਰਟ ਦੇ ਪੈਕੇਟਾਂ, ਪਲਾਸਟਿਕ ਜਾਂ ਪੀਵੀਸੀ ਬੈਨਰ, 100-ਮਾਈਕ੍ਰੋਨ ਤੋਂ ਘੱਟ ਦੇ ਦੁਆਲੇ ਫਿਲਮਾਂ ਨੂੰ ਲਪੇਟਣਾ ਜਾਂ ਪੈਕ ਕਰਨ ਵਾਲੀ ਪਲਾਸਟਿਕ ਆਦਿ ‘ਤੇ 1 ਜੁਲਾਈ ਤੋਂ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵਪਾਰੀ, ਦੁਕਾਨਦਾਰ, ਹੋਟਲਾਂ, ਢਾਬਿਆਂ ਦੇ ਮਾਲਕ ਕਿਸੇ ਵੀ ਕਿਸਮ ਦੀ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਏ ਇਸ ਫੈਸਲੇ ਦੀ ਪਾਲ੍ਹਣਾ ਕਰਨ। ਉਨ੍ਹਾਂ ਕਿਹਾ ਕਿ ਜਿੱਥੇ ਪਲਾਸਟਿਕ ਦੇ ਨਾਲ ਜੰਗਲਾਂ ਅਤੇ ਸਮੁੰਦਰਾਂ ਵਿੱਚ ਜੀਵਨ ਬਸਰ ਕਰ ਰਹੇ ਜੀਵ-ਜੰਤੂ ਪ੍ਰਭਾਵਿਤ ਹੁੰਦੇ ਹਨ ਉੱਥੇ ਹੀ ਸ਼ਹਿਰੀ ਅਤੇ ਪਿੰਡਾਂ ਵਿੱਚ ਰਹਿ ਰਹੇ ਮਨੁੱਖ ਵੀ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਇਸ ਪਲਾਸਟਿਕ ਦੇ ਨਾਲ ਸੀਵਰੇਜ ਅਤੇ ਪਾਣੀ ਦੇ ਹੋਰ ਨਿਕਾਸੀ ਦੇ ਸਾਧਨ ਵੀ ਬੰਦ ਹੋ ਜਾਂਦੇ ਹਨ ਜਦਕਿ ਇਸ ਪਲਾਸਟਿਕ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਵੀ ਇਸ ਤੋਂ ਜ਼ਹਿਰਲੀਆਂ ਗੈਸਾਂ ਨਿਕਲਦੀਆਂ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।