There should be no delay in taking appropriate action against drug sellers: SDM Rupnagar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨਸ਼ੇ ਵੇਚਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਨ ‘ਚ ਕੋਈ ਢਿੱਲ ਨਾ ਛੱਡੀ ਜਾਵੇ: ਐੱਸ.ਡੀ.ਐੱਮ ਰੂਪਨਗਰ
ਰੂਪਨਗਰ, 24 ਸਤੰਬਰ: ਰੂਪਨਗਰ ਵਿੱਚ ਨਸ਼ੇ ਦੀ ਰੋਕਥਾਮ ਲਈ ਸਖਤ ਤੋਂ ਸਖ਼ਤ ਕਦਮ ਉਠਾਏ ਜਾਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਬਲਾਕ ਰੂਪਨਗਰ ਵਿਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਨ ਵਿਚ ਕੋਈ ਢਿੱਲ ਨਾ ਛੱਡੀ ਜਾਵੇ।
ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਰੂਪਨਗਰ ਸ਼ਹਿਰ ਦੇ ਸੰਵੇਦਨਸ਼ੀਲ ਥਾਵਾਂ ਜਿਸ ਵਿਚ ਸਦਾਬਰਤ ਏਰੀਆ, ਗਊਸ਼ਾਲਾ ਰੋਡ, ਮਕਬਰਾ ਅਤੇ ਅਨਾਜ ਮੰਡੀ ਹੋਰ ਖ਼ਾਸ ਥਾਵਾਂ ਉਤੇ ਰੈਗੂਲਰ ਪੈਟਰੋਲਿੰਗ ਕੀਤੀ ਜਾਵੇ।
ਸ. ਹਰਬੰਸ ਸਿੰਘ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਹੈ ਤੇ ਉਹ ਨਸ਼ਾ ਛੱਡਣ ਦਾ ਚਾਹਵਾਨ ਹੈ ਉਸਦਾ ਪੂਰਨ ਸਹਯੋਗ ਕੀਤਾ ਜਾਵੇ, ਉਸ ਦੀ ਨਸ਼ਾ ਛਡਾਉਣ ਲਈ ਕਾਊਂਸਲਿੰਗ ਕਰਨ ਵਿੱਚ ਵੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਨੂੰ ਰੋਕਣ ਲਈ ਨੌਜਵਾਨ ਵਰਗ ਦੀ ਸ਼ਮੂਲੀਅਤ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣੀ ਦਿਲਚਸਪੀ ਵਧਾਉਣੀ ਚਾਹੀਦੀ ਹੈ ਅਤੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਨਸ਼ਾ ਪੀੜ੍ਹਤਾਂ ਦੇ ਪਰਿਵਾਰ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਵਿਚ ਕੋਈ ਨਸ਼ਾ ਕਰਦਾ ਹੈ ਤਾਂ ਉਸਦੀ ਇਤਲਾਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਉਸ ਦੀ ਨਸ਼ਾ ਛਡਾਉਣ ਲਈ ਪ੍ਰਸ਼ਾਸ਼ਨ ਵਲੋਂ ਹਰ ਬਣਦੀ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਡੀ.ਐਸ.ਪੀ ਤ੍ਰਿਲੋਚਨ ਸਿੰਘ, ਜ਼ਿਲ੍ਹਾ ਡਰੱਗ ਅਫ਼ਸਰ ਨਵਦੀਪ ਕੌਰ, ਕਾਰਜ ਸਾਧਕ ਅਫਸਰ ਮਨਜੀਤ ਸਿੰਘ ਢੀਂਡਸਾ, ਸੁਪਰਡੈਂਟ ਰਮਾਂਕਾਂਤ, ਐੱਸ.ਐੱਚ.ਓ ਪਵਨ ਕੁਮਾਰ ਤੇ ਐੱਸ.ਐੱਚ.ਓ ਰੋਹਿਤ ਸ਼ਰਮਾ ਹਾਜ਼ਰ ਸਨ।