The state government is committed to solving the problems of the common people – Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ- ਡਿਪਟੀ ਕਮਿਸ਼ਨਰ
ਜਨ ਸੁਣਵਾਈ ਕੈਂਪ ਦੌਰਾਨ ਪਿੰਡ ਲੋਧੀਮਾਜਰਾ, ਬਹਾਦਰਪੁਰ ਤੇ ਆਲਮਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਰੂਪਨਗਰ, 4 ਮਈ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੱਲ ਕਰਨ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਰਹਿ ਰਹੇ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਦਾ ਹੱਲ ਜਨ ਸੁਣਵਾਈ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਪਿੰਡ ਲੋਧੀਮਾਜਰਾ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਏ ਗਏ ਜਨ ਸੁਣਵਾਈ ਕੈਂਪ ਦੌਰਾਨ ਪਿੰਡ ਲੋਧੀਮਾਜਰਾ, ਬਹਾਦਰਪੁਰ ਅਤੇ ਆਲਮਪੁਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਕੀਮਤੀ ਸਮੇਂ, ਖੱਜਲ ਖ਼ੁਆਰੀ ਅਤੇ ਧਨ ਦੀ ਬੱਚਤ ਕਰਨ ਵਿੱਚ ਇਹ ਕੈਂਪ ਲਾਭਦਾਇਕ ਸਾਬਿਤ ਹੋ ਰਹੇ ਹਨ ਅਤੇ ਅਜਿਹੇ ਕੈਂਪਾਂ ਰਾਹੀਂ ਲੋਕਾਂ ਤੋਂ ਮਿਲਣ ਵਾਲੀ ਫੀਡਬੈਕ ਵੀ ਕਾਰਗਰ ਸਾਬਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਆਪਣੇ ਮਸਲੇ ਸ਼ਿਕਾਇਤਾਂ ਅਤੇ ਹੋਰ ਪ੍ਰਸ਼ਾਨਿਕ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਮੌਕੇ ’ਤੇ ਹੀ ਉਨ੍ਹਾਂ ਦੀ ਸਮੱਸਿਆ ਨੂੰ ਸੁਣ ਕੇ ਉਸਨੂੰ ਹੱਲ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਅਤੇ ਸੁਖਾਵੇਂ ਮਾਹੌਲ ਵਿੱਚ ਸਰਕਾਰੀ ਸੇਵਾਵਾਂ ਦਾ ਲਾਭ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ।
ਇਸ ਮੌਕੇ ਪਿੰਡ ਲੋਧੀਮਾਜਰਾ ਦੇ ਸਰਪੰਚ ਸ. ਅਜਮੇਰ ਸਿੰਘ, ਪਿੰਡ ਬਹਾਦਰਪੁਰ ਤੋਂ ਸਰਪੰਚ ਸ਼੍ਰੀਮਤੀ ਚਿੰਤਵਨ ਕੌਰ ਅਤੇ ਪਿੰਡ ਆਲਮਪੁਰ ਤੋਂ ਸਰਪੰਚ ਸ. ਮਨੋਹਰ ਸਿੰਘ ਨੇ ਆਪਣੀਆਂ ਮੁਸ਼ਕਿਲਾਂ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਨ੍ਹਾਂ 15-20 ਪਿੰਡਾਂ ਵਿੱਚ ਬੱਸ ਸਰਵਿਸ ਦੀ ਸਹੂਲਤ ਨਾ ਹੋਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੇ ਪਿੰਡ ਲੋਧੀਮਾਜਰਾ ਤੋਂ ਰੋਪੜ ਤੱਕ ਸੜਕ ਤੇ ਰਾਤ ਸਮੇਂ ਕਈ ਸੜਕ ਹਾਦਸੇ ਹੁੰਦੇ ਹਨ, ਇਸ ਲਈ ਇਸ ਸੜਕ ਤੇ ਸਟਰੀਟ ਲਾਈਟਾਂ ਅਤੇ ਫੈਸਿੰਗ ਕਰਾਉਣ ਦੀ ਅਪੀਲ ਕੀਤੀ ਗਈ।
ਇਸ ਤੋਂ ਇਲਾਵਾ ਲੋਧੀਮਾਜਰਾ ਤੋਂ ਸਰਪੰਚ ਵੱਲੋਂ ਪਿੰਡ ਦੀ ਸੀਵਰੇਜ ਦਾ ਪਾਣੀ ਨਦੀ ਤੋਂ ਸਤਲੁੱਜ ਦਰਿਆ ਵਿੱਚ ਪੈਣ ਕਾਰਨ ਪਿੰਡ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਲਈ, ਲੋਧੀਮਾਜਰਾ ਤੋਂ ਘਨੌਲੀ ਸੜਕ ਦੀ ਮੁਰੰਮਤ ਸੰਬੰਧੀ, ਹੈਲਥ ਡਿਸਪੈਂਸਰੀ ‘ਚ ਡਾਕਟਰ ਦੀ ਸਹੂਲਤ ਮੁਹੱਈਆਂ ਕਰਵਾਉਣ ਸੰਬੰਧੀ, ਪਿੰਡ ਦੇ ਬੰਦ ਪਏ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਦੁਬਾਰਾ ਚਲਾਉਣ ਸੰਬੰਧੀ, 15-20 ਪਿੰਡ ਨੇੜੇ ਲਗਦੇ ਹੋਣ ਕਰਕੇ ਪਿੰਡ ਵਿੱਚ ਪਟਵਾਰੀ ਦੇ ਬੈਠਣ ਦੀ ਸਹੂਲਤ ਦੇਣ ਸੰਬੰਧੀ ਮੰਗਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ।
ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਰੋਜ਼ਗਾਰ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਜਲ ਸਪਲਾਈ ਵਿਭਾਗ, ਹੁਨਰ ਵਿਕਾਸ ਮਿਸ਼ਨ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਅਤੇ ਹੋਰਨਾਂ ਵਿਭਾਗਾਂ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ. ਨਰਪਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਸ਼੍ਰੀ ਮਾਈਕਲ, ਬੀ.ਡੀ.ਪੀ. ਓ. ਰੂਪਨਗਰ ਸ. ਦਰਸ਼ਨ ਸਿੰਘ, ਡੀ.ਐੱਸ.ਪੀ ਸ. ਤਰਲੋਚਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ, ਕਰਮਚਾਰੀ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।