The services of specialist doctors should be ensured 24 hours to the serious patients of dengue: Varinder Kumar Sharma
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡੇਂਗੂ ਦੇ ਗੰਭੀਰ ਮਰੀਜਾਂ ਨੂੰ 24 ਘੰਟੇ ਸਪੈਸ਼ਲਿਸਟ ਡਾਕਟਰਾਂ ਦੀ ਸੇਵਾਵਾਂ ਯਕੀਨੀ ਕੀਤੀਆਂ ਜਾਣ: ਵਰਿੰਦਰ ਕੁਮਾਰ ਸ਼ਰਮਾ
• ਸਿੰਗਲ ਡੋਨਲਰ ਪਲਾਜ਼ਮਾ ਮਸ਼ੀਨ ਨੂੰ ਜਲਦ ਲਾਇਸੈਂਸ ਜਾਰੀ ਕੀਤਾ ਜਾਵੇਗਾ
• ਐਸ.ਡੀ.ਪੀ. ਮਸ਼ੀਨ ਰਾਹੀਂ ਮਰੀਜਾਂ ਨੂੰ ਜਲਦ ਸਿਵਲ ਹਸਪਤਾਲ ‘ਚ ਪਲੇਟਲੈਸ ਉਪਲੱਬਧ ਹੋਣਗੇ
ਰੂਪਨਗਰ, 25 ਅਕਤੂਬਰ: ਡੇਂਗੂ ਦੇ ਗੰਭੀਰ ਮਰੀਜਾਂ ਨੂੰ ਲੋੜ ਪੈਣ ਉਤੇ 24 ਘੰਟੇ ਸਪੈਸ਼ਲਿਸਟ ਡਾਕਟਰਾਂ ਦੀ ਸੇਵਾਵਾਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਹੱਈਆ ਕਰਵਾਉਣਾ ਯਕੀਨੀ ਕੀਤਾ ਜਾਵੇ ਅਤੇ ਲੋੜ ਪੈਣ ਉਤੇ ਹੀ ਮਰੀਜਾਂ ਨੂੰ ਰੈਫਰ ਕੀਤਾ ਜਾਵੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ ਅਤੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਡੇਂਗੂ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਨੂੰ ਘਟਾਉਣ ਲਈ ਵਿਆਪਕ ਪੱਧਰ ਉਤੇ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਸਿਹਤ ਮੰਤਰੀ ਸ. ਬਲਵੀਰ ਸਿੰਘ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਵਲੋਂ ਜਿਲ੍ਹਾ ਪੱਧਰ ਉਤੇ ਜਾ ਕੇ ਹਲਾਤਾਂ ਦਾ ਜਾਇਜ਼ਾ ਨਿੱਜੀ ਤੌਰ ਉਤੇ ਜਾ ਕੇ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਸਿੰਗਲ ਡੋਨਰ ਪਲਾਜ਼ਮਾ (ਐਸ.ਡੀ.ਪੀ.) ਮਸ਼ੀਨ ਉਪਲੱਭਧ ਕਰਵਾ ਦਿੱਤੀ ਗਈ ਹੈ ਜਿਸ ਨੂੰ ਚਲਾਉਣ ਲਈ ਜਲਦ ਲਾਇਸੈਂਸ ਵੀ ਜਾਰੀ ਕਰ ਦਿੱਤਾ ਜਾਵੇਗਾ ਜਿਸ ਉਪਰੰਤ ਜ਼ਿਲ੍ਹੇ ਦੇ ਲੋੜਵੰਦ ਮਰੀਜ਼ ਸਰਕਾਰੀ ਹਸਪਤਾਲ ਤੋਂ ਹੀ ਪਲੇਟਲੈਸ ਦੀਆਂ ਸੇਵਾਵਾਂ ਲੈ ਸਕਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿੰਗਲ ਡੋਨਰ ਪਲਾਜ਼ਮਾ ਲਈ ਕਿੱਟਾਂ ਦੀ ਲੋੜ ਸਬੰਧੀ ਤਜਵੀਜ਼ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਇਹ ਕਿੱਟਾ ਪੂਰਨ ਤੌਰ ਉਤੇ ਮੁਫਤ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਹੁਣ ਤੱਕ ਡੇਂਗੂ ਦੇ ਕੇਵਲ 61 ਮਰੀਜ਼ ਹੀ ਸਾਹਮਣੇ ਆਏ ਹਨ ਜਿਨ੍ਹਾਂ ਵਿਚ 7 ਮਰੀਜ਼ ਹੀ ਐਕਟਿਵ ਹਨ ਜੋ ਕਿ ਸਿਹਤ ਵਿਭਾਗ ਸਮੇਤ ਸਥਾਨਕ ਸਰਕਾਰਾਂ ਅਤੇ ਹੋਰ ਭਾਈਵਾਲ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।
ਮੀਟਿੰਗ ਵਿੱਚ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਪਾਣੀ ਨਾਲ਼ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਸਾਰੇ ਵਿਭਾਗ ਆਮ ਲੋਕਾਂ ਦੇ ਸਹਿਯੋਗ ਨਾਲ਼ ਕੰਮ ਕਰਨ ਅਤੇ ਮੱਛਰ ਨੂੰ ਪੈਦਾ ਹੋਣ ਲਈ ਕਿਸੇ ਵੀ ਤਰ੍ਹਾਂ ਦਾ ਸੁਖਾਵਾ ਵਾਤਾਵਰਨ ਨਾ ਬਣਨ ਦਿੱਤਾ ਜਾਵੇ।
ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪ੍ਰੇਸ਼ਨ ਦੇ ਡਾਇਰੈਕਟਰ ਅਨਿਲ ਗੋਇਲ ਨੇ ਹਦਾਇਤ ਕਰਦਿਆਂ ਕਿਹਾ ਕਿ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਅਤੇ ਮਾਰਨ ਸਬੰਧੀ ਛਿੜਕਾਅ ਲਈ ਵਰਤੇ ਜਾਂਦੀਆਂ ਦਵਾਈਆਂ ਦੀ ਜਾਣਕਾਰੀ ਸਾਰੇ ਵਿਭਾਗਾਂ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਡੇਂਗੂ ਦੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਇਹ ਅੱਤ ਜਰੂਰੀ ਹੈ ਕਿ ਨਗਰ ਕੌਂਸਲਾਂ ਸ਼ਹਿਰਾਂ ਵਿੱਚ ਅਤੇ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪਿੰਡਾਂ ਵਿੱਚ ਦਵਾਈਆਂ ਦਾ ਛਿੜਕਾਅ ਅਤੇ ਫੌਗਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਡੇਂਗੂ ਦੇ ਮਾਮਲੇ ਜਿਆਦਾ ਸਾਹਮਣੇ ਆਉਂਦੇ ਹਨ ਤਾਂ ਉਸ ਇਲਾਕੇ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇ।
ਮੀਟਿੰਗ ਵਿੱਚ ਜਿਲ੍ਹਾ ਐਲੀਮੈਂਟਰੀ ਤੇ ਸੈਕੰਡਰੀ ਸਿਖਿਆ ਅਫਸਰ ਨੂੰ ਵਿਸ਼ੇਸ਼ ਤੌਰ ਉਤੇ ਕਿਹਾ ਗਿਆ ਕਿ ਸਕੂਲਾਂ ਵਿਚ ਸਵੇਰੇ ਹੋਣ ਵਾਲੀ ਅਸੈਂਬਲੀ ਵਿਚ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਦੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਵਿਦਿਆਰਥੀਆਂ ਵਲੋਂ ਇਹ ਜਾਣਕਾਰੀ ਆਪਣੇ ਘਰਾਂ ਤੱਕ ਸਾਂਝੀ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਸੀ.ਡੀ.ਪੀ.ਓਜ਼, ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ/ਕਰਮਚਾਰੀ ਨੂੰ ਕਿਹਾ ਕਿ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਨਿਰੰਤਰ ਫੌਗਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਕਿਤੇ ਵੀ ਕੂੜਾ-ਕਰਕਟ ਦੇ ਢੇਰ ਇਕੱਠੇ ਨਾ ਹੋਣ ਦਿੱਤੇ ਜਾਣ ਅਤੇ ਛੁੱਟੀ ਵਾਲੇ ਦਿਨ ਵੀ ਕੂੜੇ ਦੀ ਲਿਫਟਿੰਗ ਯਕੀਨੀ ਬਣਾਈ ਜਾਵੇ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਸਿਵਲ ਸਰਜਨ ਡਾ. ਤਰਸੇਮ ਸਿੰਘ ਸਮੇਤ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।