The services of ‘Pensioner Sewa Portal’ will now be available in 23 Sewa Kendras of the district – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
‘ਪੈਨਸ਼ਨਰ ਸੇਵਾ ਪੋਰਟਲ’ ਦੀਆਂ ਸੇਵਾਵਾਂ ਹੁਣ ਜ਼ਿਲ੍ਹੇ ਦੇ 23 ਸੇਵਾ ਕੇਂਦਰਾਂ ਵਿੱਚ ਵੀ ਮਿਲਣਗੀਆਂ – ਡਿਪਟੀ ਕਮਿਸ਼ਨਰ
ਰੂਪਨਗਰ, 07 ਨਵੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਲਈ ਪੈਨਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ, ਜਿਸ ਦੀਆਂ ਸੇਵਾਵਾਂ ਹੁਣ ਜ਼ਿਲ੍ਹੇ ਦੇ 23 ਸੇਵਾ ਕੇਂਦਰਾਂ ਵਿੱਚ ਵੀ ਮਿਲਣਗੀਆਂ।
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਸੇਵਾਮੁਕਤ ਕਰਮਚਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ‘ਪੈਨਸ਼ਨਰ ਸੇਵਾ ਪੋਰਟਲ’ ਸੂਬੇ ਦੇ ਸਾਰੇ ਪੈਨਸ਼ਨਰਾਂ ਲਈ ਸਮੇਂ ਸਿਰ, ਸਹੀ ਅਤੇ ਔਕੜ ਰਹਿਤ ਪੈਨਸ਼ਨ ਸੇਵਾਵਾਂ ਨੂੰ ਯਕੀਨੀ ਬਣਾਏਗਾ।
ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਰਟਲ https://pensionersewa.punjab.gov.in ਹੈ, ਦਾ ਉਦੇਸ਼ ਪੈਨਸ਼ਨ ਵੰਡ ਕੇਸਾਂ ਦੀ ਪ੍ਰਕਿਰਿਆ ਦੇ ਕਾਰਜ ਪ੍ਰਵਾਹ ਨੂੰ ਸਵੈਚਾਲਤ ਕਰਨਾ ਅਤੇ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।ਉਨ੍ਹਾਂ ਦੱਸਿਆ ਕਿ ਪੋਰਟਲ ਸ਼ੁਰੂ ਵਿੱਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ਵਿੱਚ ‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਾਉਣਾ, ਉਤਰਾਅਧਿਕਾਰੀ ਮਾਡਿਊਲ ਰਾਹੀਂ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ (ਐੱਲ.ਟੀ.ਸੀ.) ਲੈਣ ਲਈ ਅਰਜ਼ੀ ਦੇਣਾ, ਸ਼ਿਕਾਇਤ ਨਿਵਾਰਣ ਮਾਡਿਊਲ ਰਾਹੀਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ, ਅਤੇ ਪ੍ਰੋਫ਼ਾਈਲ ਅਪਡੇਸ਼ਨ ਮਾਡਿਊਲ ਰਾਹੀਂ ਪੈਨਸ਼ਨਰ ਦੇ ਨਿੱਜੀ ਵੇਰਵਿਆਂ ਵਿੱਚ ਅਪਡੇਸ਼ਨ/ਬਦਲਾਅ ਕਰਨਾ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਅਤੇ ਵਰਤੋਂਕਾਰ-ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਪੋਰਟਲ ‘ਤੇ ਉਪਲਬਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇ.ਵਾਈ.ਸੀ. ਪੂਰੀ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ‘ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਪੈਨਸ਼ਨਰ ਆਪਣੇ ਮੋਬਾਈਲ ਫੋਨਾਂ, ਪੀ.ਸੀਜ਼, ਜਾਂ ਲੈਪਟਾਪਾਂ ਰਾਹੀਂ ਪੋਰਟਲ ‘ਤੇ ਆਪਣੀ ਲੌਗਇਨ ਆਈ.ਡੀ. ਦੀ ਵਰਤੋਂ ਕਰਕੇ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਇਨ੍ਹਾਂ ਸੇਵਾਵਾਂ ਦਾ ਲਾਭ ਨਜ਼ਦੀਕੀ ਸੇਵਾ ਕੇਂਦਰਾਂ, ਸੇਵਾ ਦੀ ਹੋਮ ਡਿਲੀਵਰੀ ਦੀ ਬੇਨਤੀ ਕਰਕੇ, ਸਬੰਧਤ ਪੈਨਸ਼ਨ ਵੰਡਣ ਵਾਲੇ ਬੈਂਕਾਂ ਜਾਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ‘ਤੇ ਜਾ ਕੇ ਵੀ ਲਿਆ ਜਾ ਸਕਦਾ ਹੈ।