Close

The key to a healthy life is regular exercise, balanced diet and blood pressure check – Dr. Navroop Kaur

Publish Date : 17/05/2025
The key to a healthy life is regular exercise, balanced diet and blood pressure check - Dr. Navroop Kaur

ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਸੈਮੀਨਾਰ ਦਾ ਕੀਤਾ ਆਯੋਜਨ

ਰੂਪਨਗਰ, 17 ਮਈ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹਤਿੰਦਰ ਕੌਰ ਅਤੇ ਸਟੇਟ ਨੋਡਲ ਅਫਸਰ ਐਨ.ਪੀ-ਐਨ.ਸੀ.ਡੀ ਪ੍ਰੋਗਰਾਮ ਡਾ. ਗਗਨ ਗਰੋਵਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਸਵਪਨਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਅੱਜ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਭਾਗੀਦਾਰਾਂ ਦੇ ਨਾਲ ਵੱਖ-ਵੱਖ ਡਾਕਟਰਾ, ਨਰਸਾਂ, ਹੈਲਥ ਵਰਕਰਾਂ ਅਤੇ ਹੋਰ ਸਿਹਤ ਸਟਾਫ ਨੇ ਭਾਗ ਲਿਆ। ਸੈਮੀਨਾਰ ਦੌਰਾਨ ਹਾਈ ਬਲੱਡ ਪ੍ਰੈਸ਼ਰ (ਉੱਚ ਰਕਤਚਾਪ) ਦੀ ਰੋਕਥਾਮ, ਲੱਛਣ, ਇਲਾਜ ਅਤੇ ਜਾਗਰੂਕਤਾ ਵਧਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਦੱਸਿਆ ਗਿਆ ਕਿ

ਸਿਹਤਮੰਦ ਜੀਵਨ ਦੀ ਕੁੰਜੀ, ਨਿਯਮਤ ਕਸਰਤ, ਸੰਤੁਲਿਤ ਭੋਜਨ ਤੇ ਬਲੱਡ ਪ੍ਰੈਸ਼ਰ ਜਾਂਚ ਹੈ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਵਿਸਥਾਰ ਨਾਲ ਦੱਸਿਆ ਕਿ ਉੱਚ ਰਕਤਚਾਪ ਇੱਕ ‘ਖਾਮੋਸ਼ ਕਾਤਿਲ’ ਹੈ ਜੋ ਦਿਲ, ਗੁਰਦੇ ਅਤੇ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਤ ਕਸਰਤ ਕਰਨ, ਨਮਕ ਦੀ ਮਾਤਰਾ ਘਟਾਉਣ ਅਤੇ ਨਿਯਮਤ ਤੌਰ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਹਾਈਪਰਟੈਂਸ਼ਨ ਵਰਗੀਆਂ ਖ਼ਾਮੋਸ਼ ਬਿਮਾਰੀਆਂ ਨੂੰ ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਸੈਮੀਨਾਰ ਲੋਕਾਂ ਵਿੱਚ ਇਸ ਮਾਮਲੇ ‘ਚ ਜਾਗਰੂਕਤਾ ਵਧਾਉਣ ਲਈ ਇਕ ਮਹੱਤਵਪੂਰਕ ਕਦਮ ਹੈ। ਸਿਹਤ ਵਿਭਾਗ ਵਲੋਂ ਅਜਿਹੀਆਂ ਗਤੀਵਿਧੀਆਂ ਰਾਹੀਂ ਅਸੀਂ ਲੋਕਾਂ ਨੂੰ ਸੱਚੇ ਅਰਥਾਂ ਵਿੱਚ ‘ਰੋਗ ਮੁਕਤ’ ਜੀਵਨ ਦੀ ਦਿਸਾ ਵੱਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਰੇਕ 4 ਵਿੱਚੋਂ 1 ਵਿਅਕਤੀ ਹਾਈਪਰਟੈਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਦੇਸ਼ ਵਿਚ ਕੁਲ ਮੌਤਾਂ ਵਿਚੋਂ ਲਗਭਗ 63 ਫ਼ੀਸਦੀ ਗੈਰ-ਸੰਚਾਰੀ ਰੋਗਾਂ ਨਾਲ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਹਾਈਪਰਟੇਂਸ਼ਨ ਮੁੱਖ ਹੈ।

ਡਾ. ਪੁਨੀਤ ਸੈਣੀ ਨੇ ਦੱਸਿਆ ਕਿ ਹਾਈਪਰਟੈਨਸ਼ਨ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਵਿਸ਼ਵ ਹਾਈਪਰਟੈਨਸ਼ਨ ਲੀਗ ਨੇ 14 ਮਈ 2005 ਨੂੰ ਕੀਤੀ ਪਰ ਅਗਲੇ ਸਾਲ 2006 ਤੋਂ ਹਰ ਸਾਲ 17 ਮਈ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਰਿਪੋਰਟ ਮੁਤਾਬਕ ਬੀ.ਪੀ. ਵਧਣ ਨਾਲ ਸੰਸਾਰ ਵਿੱਚ ਹਰ ਸਾਲ 13 ਫ਼ੀਸਦ ਤੋਂ ਵੱਧ ਮੌਤਾਂ ਹੁੰਦੀਆਂ ਹਨ ਹੁਣ ਭਾਰਤ ਵਿੱਚ ਅੰਦਾਜ਼ੇ ਨਾਲ 1000 ਮੌਤਾਂ ਪਿੱਛੇ 160 ਮੌਤਾਂ ਬੀ.ਪੀ ਵੱਧਣ ਕਾਰਣ ਹੁੰਦੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਇਹ ਦਿਨ “ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤਕ ਜੀਓ” ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ। ਸਾਨੂੰ ਬੀ.ਪੀ ਨਿਯਮਿਤ ਤੋਰ ਤੇ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ। ਮਿੱਠੀਆਂ, ਤਲੀਆਂ ਚੀਜਾਂ, ਸਿਗਰਟ, ਸ਼ਰਾਬ,ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈl ਬੀ.ਪੀ ਘੱਟ ਕਰਨ ਲਈ ਆਪਣਾ ਭਾਰ ਘਟਾਉਣਾ ਚਾਹੀਦਾ ਹੈ ਤੇ ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਬੀ.ਪੀ ਵੱਧਣ ਦੀ ਦਵਾਈ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰਨੀ ਅਤੇ ਬਦਲਣੀ ਚਾਹੀਦੀ ਹੈ। ਸਿਹਤਮੰਦ ਜਿੰਦਗੀ ਬਣਾਈ ਰੱਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜਰੂਰੀ ਹੈ।

ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਐਲਐਚਵੀ ਰਜਿੰਦਰ ਕੌਰ ਅਤੇ ਹੋਰ ਪੈਰਾਮੈਡੀਕਲ ਸਟਾਫ ਹਾਜ਼ਰ ਸੀ।