The Health Department made the people of Purkhali village aware about family planning.
ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਸੰਬਧੀ ਪਿੰਡ ਪੁਰਖਾਲੀ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਰੂਪਨਗਰ, 02 ਦਸੰਬਰ: ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਨਜ਼ਦੀਕੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਕਲੀਨਿਕ ਪੁਰਖਾਲੀ ਵਿੱਚ ਐਨ.ਐਸ.ਵੀ. (ਨੋ-ਸਕੈਲਪਲ ਵੈਸੈਕਟਮੀ) ਬਿਨਾਂ ਚੀਰਾ ਕਰਕੇ ਕੀਤੀ ਜਾਣ ਵਾਲੀ ਪੁਰਸ਼ ਨਸਬੰਦੀ ,ਪਖਵਾੜੇ ਦੌਰਾਨ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਪ੍ਰੋਗਰਾਮ ਤਹਿਤ ਡਾ. ਹਰਜਸਨੀਤ ਸਿੰਘ ਅਤੇ ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਐਨ.ਐਸ.ਵੀ. ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਐਨ.ਐਸ.ਵੀ. ਇੱਕ ਸੁਰੱਖਿਅਤ, ਆਸਾਨ ਅਤੇ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਪਰਿਵਾਰ ਨਿਯੋਜਨ ਤਰੀਕਾ ਹੈ, ਜਿਸ ਨਾਲ ਪਰਿਵਾਰ ਦੀ ਯੋਜਨਾ ਸੁਚੱਜੇ ਢੰਗ ਨਾਲ ਬਣਾਈ ਜਾ ਸਕਦੀ ਹੈ। ਇਸ ਮੌਕੇ ਤੇ ਲੋਕਾਂ ਨੂੰ ਇਸਦੇ ਲਾਭਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ ਕਿ ਐਨ.ਐਸ.ਵੀ. ਪੁਰਸ਼ਾਂ ਲਈ ਇੱਕ ਬਹੁਤ ਹੀ ਸੁਰੱਖਿਅਤ ਅਤੇ ਭਰੋਸੇਯੋਗ ਪਰਿਵਾਰ ਨਿਯੋਜਨ ਤਰੀਕਾ ਹੈ। ਇਸ ਤਰ੍ਹਾਂ ਦੀ ਜਾਗਰੂਕਤਾ ਨਾਲ ਲੋਕ ਆਪਣੇ ਪਰਿਵਾਰ ਦੀ ਸਿਹਤ ਅਤੇ ਭਵਿੱਖ ਬਾਰੇ ਹੋਰ ਜ਼ਿੰਮੇਵਾਰ ਬਣਦੇ ਹਨ। ਆਮ ਆਦਮੀ ਕਲੀਨਿਕ ਇਸ ਕੰਮ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ।
ਪਿੰਡ ਪੁਰਖਾਲੀ ਦੇ ਲੋਕਾਂ ਨੇ ਵੀ ਇਸ ਜਾਗਰੂਕਤਾ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਲੋਕਾਂ ਨੂੰ ਸਿਹਤ ਸੰਬੰਧੀ ਸਹੀ ਫ਼ੈਸਲੇ ਲੈਣ ਲਈ ਪ੍ਰੇਰਿਤ ਕਰਦੇ ਹਨ। ਐਨ.ਐਸ.ਵੀ. ਵਰਗੇ ਸੁਰੱਖਿਅਤ ਤਰੀਕਿਆਂ ਬਾਰੇ ਜਾਨਕਾਰੀ ਨਾਲ ਪਰੀਵਾਰਾਂ ਦੀ ਖੁਸ਼ਹਾਲੀ ਅਤੇ ਸਮਾਜਕ ਤੰਦਰੁਸਤੀ ਮਜ਼ਬੂਤ ਹੁੰਦੀ ਹੈ, ਜੋ ਕਿ ਇੱਕ ਸਿਹਤਮੰਦ ਪੰਜਾਬ ਦੀ ਨੀਂਹ ਹੈ।