Close

The Deputy Commissioner reviewed the operations carried out for flood prevention

Publish Date : 09/08/2024
The Deputy Commissioner reviewed the operations carried out for flood prevention

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਹੜ੍ਹਾਂ ਤੋਂ ਬਚਾਅ ਲਈ ਚਲਾਏ ਗਏ ਕਾਰਜਾਂ ਦਾ ਜਾਇਜ਼ਾ ਲਿਆ

ਡੀ.ਸੀ ਤੇ ਐਸ.ਐਸ.ਪੀ ਨੇ ਪਿੰਡ ਅਗੰਮਪੁਰ ਕਰੈਸ਼ਰਾਂ ਦੀ ਵੀ ਕੀਤੀ ਚੈਕਿੰਗ

ਰੂਪਨਗਰ, 9 ਅਗਸਤ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਹਰਸਾਬੇਲਾ ਵਿਖੇ ਹੜ੍ਹਾਂ ਤੋਂ ਬਚਾਅ ਲਈ ਚਲਾਏ ਜਾ ਰਹੇ ਕੰਮਾਂ ਦਾ ਜਾਇਜਾ ਲਿਆ। ਇਸ ਸਮੇਂ ਐੱਸ.ਐੱਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨਾਲ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਤਲੁਜ ਦਰਿਆ ਦੇ ਕਿਨਾਰਿਆਂ ਉਤੇ ਪੱਥਰ ਨਾਲ ਰੋਕ ਲਗਾਉਣ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ ਅਤੇ ਇਲਾਕੇ ਦੇ ਹੋਰ ਵਿਕਾਸ ਕਾਰਜ ਵੀ ਜੰਗੀ ਪੱਧਰ ਉਤੇ ਮੁਕੰਮਲ ਕੀਤੇ ਜਾਣਗੇ।

ਡਾ. ਪ੍ਰੀਤੀ ਯਾਦਵ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰ ਪੱਧਰ ਉਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਡਿਪਟੀ ਕਮਿਸ਼ਨਰ ਨੇ ਆਪਣੀ ਹਾਜ਼ਰੀ ਵਿਚ ਬਚਾਅ ਕਾਰਜ ਚਲਾਏ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਰਜ਼ੀ ਰਾਹਤ ਕੈਂਪਾਂ ਵਿਚ ਪ੍ਰਭਾਵਿਤ ਲੋਕਾਂ ਦੀ ਪੂਰੀ ਮੱਦਦ ਕੀਤੀ।

ਪਿੰਡ ਵਾਸੀਆਂ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਸਤਲੁਜ ਨਦੀ ਦੇ ਵਿਚ ਹੜ੍ਹਾਂ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਨਾਲ ਜ਼ਮੀਨ ਖੁਰਣੀ ਸ਼ੁਰੂ ਹੋ ਗਈ ਸੀ ਜਿਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਪ੍ਰਭਾਵਿਤ ਪਿੰਡਾਂ ਦੀ ਜ਼ਮੀਨ ਦੇ ਨੁਕਸਾਨ ਨੂੰ ਬਚਾਉਣ ਲਈ ਪੱਥਰ ਲਗਾਉਣ ਦੇ ਵਾਅਦੇ ਨੂੰ ਇਸ ਸਾਲ ਪੂਰਾ ਕਰ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਇਲਾਕੇ ਵਿਚ ਸਤਲੁਜ ਅਤੇ ਸਵਾਂ ਨਦੀ ਦਾ ਪਾਣੀ ਬਰਸਾਤਾਂ ਦੌਰਾਨ ਪਹਾੜਾਂ ਤੋ ਵੱਧ ਮਾਤਰਾ ਵਿਚ ਆਉਦਾ ਹੈ ਤੇ ਹੜ੍ਹਾਂ ਵਰਗੇ ਹਾਲਾਤ ਬਣ ਜਾਦੇ ਹਨ, ਕੁਝ ਇਲਾਕਿਆਂ ਦੇ ਇਸ ਤੋ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਲਈ ਅਸੀ ਅਗਾਓ ਪ੍ਰਬੰਧ ਕਰਨੇ ਹਨ, ਲੋੜ ਪੈਣ ਉਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣਾ, ਖਾਣ ਪੀਣ ਦੀਆ ਵਸਤਾਂ ਦਾ ਪ੍ਰਬੰਧ ਕਰਨਾ, ਪਸੂਆਂ ਲਈ ਚਾਰਾ, ਨਿਰਵਿਘਨ ਬਿਜਲੀ ਤੇ ਪਾਣੀ ਦੀ ਸਪਲਾਈ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ।

ਇਸ ਮੌਕੇ ਡਰੈਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਤੇਜ ਸਿੰਘ ਗਰਚਾ ਵੱਲੋਂ ਦੱਸਿਆ ਗਿਆ ਕਿ ਨਦੀਆਂ ਦੇ ਕਿਨਾਰੇ ਮਜ਼ਬੂਤ ਕਰਨ ਲਈ ਇਥੇ ਮਗਨਰੇਗਾ ਸਕੀਮ ਅਧੀਨ ਗ਼ੈਬੀਅਨ ਸਟਰੱਕਚਰ ਵਿਚ ਪੱਥਰ (ਸਟੱਡ) ਲਗਾਏ ਜਾ ਰਹੇ ਹਨ ਅਤੇ ਇਹ ਕਾਰਜ ਜਿਆਦਾਤਰ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲੋੜ ਅਨੁਸਾਰ ਹੋਰ ਇਲਾਕਿਆਂ ਵਿਚ ਵੀ ਪੱਥਰ ਲਗਾਉਣ ਦਾ ਕੰਮ ਯਕੀਨੀ ਤੌਰ ਉਤੇ ਕੀਤਾ ਜਾਵੇਗਾ ਤਾਂ ਜੋ ਹੜ੍ਹਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।

ਕਾਰਜਕਾਰੀ ਇੰਜੀਨੀਅਰ ਨੇ ਪੱਥਰ ਦੀ ਰੋਕ ਦੇ ਕਾਰਜ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਅਧੀਨ ਸਤਲੁਜ ਦਰਿਆ ਦੇ ਖੱਬੇ ਪਾਸੇ ਤਕਰੀਬਨ 3000 ਫੁੱਟ ਦੀ ਲੰਬਾਈ ਅਤੇ ਸੱਜੇ ਪਾਸੇ ਤਕਰੀਬਨ 1300 ਫੁੱਟ ਦੀ ਲੰਬਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਪਿੰਡ ਅਗੰਮਪੁਰ ਵਿਖੇ ਕਰੈਸ਼ਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਪਿੰਡ ਬਨੀ, ਚੰਦਪੁਰ, ਸੈਦਪੁਰ, ਬੈਈਹਾਰਾ, ਰਾਮਪੁਰ ਝੱਜਰ ਸਮੇਤ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸ਼੍ਰੀ ਅਨੰਦੁਪਰ ਸਾਹਿਬ ਅਨਮਜੋਤ ਕੌਰ, ਤਹਿਸੀਲਦਾਰ ਸੰਦੀਪ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।