The Chief Agriculture Officer visited the fields of Manjit Singh, a farmer preparing Gandoa fertilizer
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਮੁੱਖ ਖੇਤੀਬਾੜੀ ਅਫਸਰ ਨੇ ਗੰਡੋਆ ਖਾਦ ਤਿਆਰ ਕਰ ਰਹੇ ਕਿਸਾਨ ਮਨਜੀਤ ਸਿੰਘ ਦੇ ਖੇਤਾਂ ਦਾ ਕੀਤਾ ਦੌਰਾ
ਰੂਪਨਗਰ, 8 ਜਨਵਰੀ: ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਰਾਕੇਸ਼ ਕੁਮਾਰ ਸ਼ਰਮਾ ਵੱਲੋ ਬਲਾਕ ਰੂਪਨਗਰ ਦੇ ਪਿੰਡ ਰਣਜੀਤਪੁਰਾ ਵਿਖੇ ਵਰਮੀਕੰਪੋਸਟ ਤਿਆਰ ਕਰ ਰਹੇੇ ਕਿਸਾਨ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਖੇਤਾਂ ਦਾ ਦੋਰਾ ਕੀਤਾ ਗਿਆ।
ਕਿਸਾਨ ਮਨਜੀਤ ਸਿੰਘ ਵੱਲੋ ਦੱਸਿਆ ਕਿ ਉਸ ਕੋਲ 1.5 ਏਕੜ ਜਮੀਨ ਹੈ ਅਤੇ ਉਹ ਪਿਛਲੇ 3 ਸਾਲਾਂ ਤੋ ਵਰਮੀ ਕੰਪੋਸਟ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋ ਇਸ ਸਬੰਧੀ ਆਨਲਾਈਨ ਅਤੇ ਵਿਭਾਗ ਵੱਲੋ ਟ੍ਰੇਨਿੰਗ ਲੈ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਉਹਨਾਂ ਦੀ ਸੰਸਥਾ ਸੈਣੀ ਆਰਗੈਨਿਕਸ ਦੇ ਨਾਮ ਨਾਲ ਰਜਿਸਟਰਡ ਵੀ ਕਰਵਾਈ ਹੋਈ ਹੈ।
ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸ ਵੱਲੋ ਤਕਰੀਬਨ 3 ਮਹੀਨੇ ਵਿੱਚ 1 ਟਰਾਲੀ ਖਾਦ ਤਿਆਰ ਕੀਤੀ ਜਾਂਦੀ ਸੀ ਅਤੇ ਹੁਣ 3 ਮਹੀਨੇ ਵਿੱਚ ਉਸ ਵੱਲੋ 9 ਤੋ 10 ਟਰਾਲੀਆਂ ਰੂੜੀ ਖਾਦ ਕਿਸਾਨਾਂ ਤੋ ਇਕਠੀਆਂ ਕਰਕੇ ਵਰਮੀਕੰਪੋਸਟ ਤਿਆਰ ਕਰਦਾ ਹੈ। ਉਨ੍ਹਾਂ ਵੱਲੋ ਇਹ ਕੰਮ ਛੋਟੇ ਪੱਧਰ ਤੋ ਸ਼ੁਰੂ ਕੀਤਾ ਗਿਆ ਸੀ। ਉਸ ਕੋਲੋ ਛੋਟੇ ਕਿਸਾਨ, ਘਰੇਲੂ ਬਗੀਚੀ, ਸਬਜੀਆਂ ਵਾਲੇ ਅਤੇ ਬਾਗ ਲਗਵਾਉਣ ਵਾਲੇ ਕਿਸਾਨ ਵਰਮੀ ਕੰਪੋਸਟ ਲੈ ਕੇ ਆਪਣੇ ਖੇੇਤਾਂ ਵਿੱਚ ਵਰਤ ਰਹੇ ਹਨ। ਕਿਸਾਨ ਵੱਲੋ ਇਸ ਕੰਮ ਨੂੰ ਹੋਰ ਵਧਾਉਣ ਲਈ ਬਿਜਲੀ ਵਿਭਾਗ ਪਾਸੋ ਵੀ ਕੁਨੈਕਸ਼ਨ ਲੈ ਲਿਆ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਰੂਪਨਗਰ ਨੇ ਦੱਸਿਆ ਕਿ ਕਿਸਾਨ ਮਨਜੀਤ ਸਿੰਘ ਵੱਲੋ ਬਹੁਤ ਘੱਟ ਲਾਗਤ ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਹ ਹੁਣ ਵੱਡੇ ਪੱਧਰ ਤੇ ਮੁਨਾਫਾ ਕਮਾ ਰਿਹਾ ਹੈ। ਅਧਿਕਾਰੀ ਵੱਲੋ ਦੱਸਿਆ ਗਿਆ ਕਿ ਆਉਣ ਵਾਲੇ ਸਮੇ ਵਿੱਚ ਖਪਤਕਾਰਾ ਵੱਲੋ ਜੈਵਿਕ ਤਰੀਕੇ ਨਾਲ ਤਿਆਰ ਕੀਤੀਆਂ ਫਸਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਜੈਵਿਕ ਖਾਦ ਨਾਲ ਤਿਆਰ ਕੀਤੀਆਂ ਫਸਲਾਂ ਕਿਸਾਨਾਂ ਲਈ ਕਾਫੀ ਲਾਹੇਵੰਦ ਰਹਿਣਗੀਆਂ।
ਇਸ ਦੇ ਨਾਲ ਹੀ ਰਸਾਇਣਿਕ ਖਾਦਾਂ ਵਰਤੋ ਨੂੰ ਘਟਾ ਕੇ ਕਿਸਾਨਾਂ ਨੂੰ ਜੈਵਿਕ/ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਟ੍ਰੇਨਿੰਗਾ ਮੁੱਹਇਆ ਕਰਵਾਈਆਂ ਜਾਣਗੀਆਂ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਡਾ. ਸੁਖਸਾਗਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਪਰਮਿੰਦਰ ਸਿੰਘ ਚੀਮਾ ਪ੍ਰੋਜੈਕਟ ਡਾਇਰੈਕਟਰ ਆਤਮਾ ਵੀ ਹਾਜਿਰ ਸਨ।