The Additional Deputy Commissioner reviewed the ongoing purchase arrangements of paddy in the district
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ‘ਚ ਝੋਨੇ ਦੀ ਚੱਲ ਰਹੀ ਖਰੀਦ ਪ੍ਰਬੰਧਾਂ ਨੂੰ ਲੈਕੇ ਲਿਆ ਜਾਇਜ਼ਾ
ਹੁਣ ਤੱਕ ਜ਼ਿਲ੍ਹੇ ਦੀ ਮੰਡੀਆਂ ਵਿੱਚ 50 ਹਜ਼ਾਰ 450 ਮੀਟਰਕ ਟਨ ਆਇਆ ਝੋਨਾ
ਹੁਣ ਤੱਕ 98 ਕਰੋੜ 10 ਲੱਖ ਰੁਪਏ ਕੀਤੀ ਜਾ ਚੁੱਕੀ ਅਦਾਇਗੀ
ਰੂਪਨਗਰ, 17 ਅਕਤੂਬਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਕਮੇਟੀ ਹਾਲ ਵਿਖੇ ਝੋਨੇ ਦੇ ਚੱਲ ਰਹੇ ਖਰੀਦ ਪ੍ਰਬੰਧਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਖਰੀਦ ਏਜੰਸੀਆਂ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ 50 ਹਜ਼ਾਰ 450 ਮੀਟਰਕ ਟਨ ਝੋਨਾ ਆਇਆ ਹੈ ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਉਪਲੱਬਧ ਸਾਰਾ ਝੋਨਾ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆਂ ਕਿ ਪਨਗਰੇਨ ਵੱਲੋਂ 18 ਹਜਾਰ 538 ਮੀਟਰਕ ਟਨ, ਮਾਰਕਫੈੱਡ ਵੱਲੋਂ 13 ਹਜ਼ਾਰ 124 ਮੀਟਰਕ ਟਨ, ਪਨਸਪ ਵੱਲੋਂ 11 ਹਜਾਰ 200 ਮੀਟਰਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 6 ਹਜਾਰ 969 ਮੀਟਰਕ ਟਨ, ਐਫ.ਸੀ.ਆਈ ਵੱਲੋਂ 184 ਮੀਟਰਕ ਟਨ ਅਤੇ ਵਪਾਰੀਆਂ ਵਲੋਂ 408 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਜਦਕਿ 40 ਹਜਾਰ 559 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਹੁਣ ਤੱਕ 98 ਕਰੋੜ 10 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਕੀਤੀ ਜਾ ਚੁੱਕੀ ਹੈ।
ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਹਰਜੋਤ ਕੌਰ ਨੇ ਖਰੀਦ ਏਜੰਸੀਆ ਤੋਂ ਆਏ ਅਧਿਕਾਰੀਆਂ ਤੋਂ ਬਾਰਦਾਨਾ, ਢੋਆ ਢੁਆਈ, ਲੇਬਰ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਜ਼ਿਲ੍ਹਾ ਰੂਪਨਗਰ ਅੰਦਰ ਕੀਤੀ ਗਈ ਨਾਕਾਬੰਦੀ ‘ਤੇ ਪੁਲਿਸ ਵਿਭਾਗ ਨੂੰ ਚੌਕਸੀ ਰੱਖਣ ਦੀ ਹਦਾਇਤ ਕੀਤੀ।
ਹਰਜੋਤ ਕੌਰ ਨੇ ਸਮੂਹ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਖਰੀਦ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇ। ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਅਦਾਇਗੀ ਅਤੇ ਲਿਫਟਿੰਗ ਦੇ ਨਾਲ-ਨਾਲ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਸਮੇਤ ਖਰੀਦ ਕਾਰਜ਼ਾਂ ਨਾਲ ਜੁੜੇ ਹੋਰਨਾਂ ਅਧਿਕਾਰੀਆਂ ਨੂੰ ਜਿੱਥੇ ਆਪਸੀ ਤਾਲਮੇਲ ਨਾਲ ਡਿਊਟੀ ਕਰਨ ਲਈ ਕਿਹਾ, ਉਥੇ ਉਨਾਂ ਨੇ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆਂ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਜਾਂ ਢਿੱਲਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ ਡਾ. ਨਵਰੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਨਿਰਮਲ ਸਿੰਘ ਪਾਹੁਲ, ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸ਼੍ਰੀਮਤੀ ਨਵੀਤਾ ਰਾਣੀ, ਜ਼ਿਲ੍ਹਾ ਮੈਨੇਜਰ ਪਨਸਪ ਸ਼੍ਰੀਮਤੀ ਮੋਨਿਕਾ ਗੋਇਲ, ਜ਼ਿਲ੍ਹਾ ਮੈਨੇਜਰ ਵੇਅਰ ਹਾਊਸ ਸ਼੍ਰੀ ਕੇਵਲ ਕ੍ਰਿਸ਼ਨ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।