Close

Successfully organized National Lok Adalat in District Rupnagar

Publish Date : 24/05/2025
Successfully organized National Lok Adalat in District Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨੈਸ਼ਨਲ ਲੋਕ ਅਦਾਲਤ ਦਾ ਲਿਆ ਜਾਇਜ਼ਾ

14829 ਕੇਸਾਂ ਵਿੱਚੋਂ 14270 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਰੂਪਨਗਰ, 24 ਮਈ: ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2025 ਦੀ ਦੂਜੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਅਤੇ ਸਬ-ਡਵੀਜ਼ਨ- ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਲਗਾਈ ਗਈ।

ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ, ਮੋਹਾਲੀ ਸ਼੍ਰੀਮਤੀ ਨਵਜੋਤ ਕੌਰ ਦੁਆਰਾ ਰੂਪਨਗਰ ਵਿਖੇ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਜ਼ਿਲ੍ਹਾ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਸਮੇਤ ਨੈਸ਼ਨਲ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਸਾਰੀਆਂ ਅਦਾਲਤਾਂ ਵਿੱਚ ਸ਼ਿਰਕਤ ਕਰਕੇ ਨੈਸ਼ਨਲ ਲੋਕ ਅਦਾਲਤ ਦਾ ਜਾਇਜ਼ਾ ਲਿਆ ਅਤੇ ਕੇਸਾਂ ਦੀ ਸੁਣਵਾਈ ਕੀਤੀ।

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਲਗਾਈ ਗਈ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 14829 ਕੇਸ ਜਿਵੇਂ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, ਐਲਏਸੀ ਕੇਸ, ਮਾਲ ਕੇਸ, ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਵੀ ਲਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਾਏ ਗਏ। ਇਸ ਲੋਕ ਅਦਾਲਤ ਵਿੱਚ ਰੂਪਨਗਰ ਵਿਖੇ 06 ਬੈਂਚ, ਸ੍ਰੀ ਅਨੰਦਪੁਰ ਸਾਹਿਬ ਵਿਖੇ 01 ਬੈਂਚ ਅਤੇ ਨੰਗਲ ਵਿਖੇ 01 ਬੈਂਚ ਲਗਾਏ ਗਏ। ਇਸ ਤੋਂ ਇਲਾਵਾ ਰੈਵੀਨਿਊ ਅਦਾਲਤਾਂ ਦੇ ਵੀ 18 ਬੈਂਚ ਲਗਾਏ ਗਏ। 14829 ਕੇਸਾਂ ਵਿੱਚੋਂ 14270 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 567889299/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।

ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈ। ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਲੋਕ ਅਦਾਲਤ ਦੇ ਮੌਕੇ ਤੇ ਆਉਣ ਵਾਲੇ ਲਿਟੀਗੈਂਟਾਂ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਹੈਲਪ ਡੈਸਕ ਲਗਾਏ ਗਏ ਜਿਨ੍ਹਾਂ ਉੱਤੇ ਪੈਰਾ ਲੀਗਲ ਵਲੰਟੀਅਰਾਂ ਨੇ ਸੁਚਾਰੂ ਢੰਗ ਨਾਲ ਡਿਊਟੀ ਨਿਭਾਈ। ਅੱਜ ਲੋਕ ਅਦਾਲਤ ਦੇ ਮੌਕੇ ਤੇ ਆਉਣ ਵਾਲੇ ਲਿਟੀਗੈਂਟਾਂ ਲਈ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਰੂਪਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਵੱਲੋਂ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੀ ਨੈਸ਼ਨਲ ਲੋਕ ਅਦਾਲਤ 13 ਸਤੰਬਰ 2025 ਨੂੰ ਲਗਾਈ ਜਾਵੇਗੀ।