Successful organization of National Lok Adalat at District Rupnagar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ
ਮੈਂਬਰ ਸਕੱਤਰ, ਪਲਸਾ ਵੱਲੋਂ ਰੂਪਨਗਰ ਨੈਸ਼ਨਲ ਲੋਕ ਅਦਾਲਤ ਦਾ ਲਿਆ ਗਿਆ ਜਾਇਜ਼ਾ
ਰੂਪਨਗਰ, 14 ਦਸੰਬਰ : ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2024 ਦੀ ਚੌਥੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਅਤੇ ਇਸ ਦੀਆਂ ਸਬ-ਡਵੀਜ਼ਨਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਲਗਾਈ ਗਈ।
ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ, ਮੋਹਾਲੀ ਸ. ਮਨਜਿੰਦਰ ਸਿੰਘ ਦੁਆਰਾ ਰੂਪਨਗਰ ਵਿਖੇ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਖਾਸ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਅਤੇ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਸਮੇਤ ਨੈਸ਼ਨਲ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਨੈਸ਼ਨਲ ਲੋਕ ਅਦਾਲਤ ਦਾ ਜਾਇਜਾ ਲਿਆ ਅਤੇ ਕੇਸਾਂ ਦੀ ਸੁਣਵਾਈ ਕੀਤੀ।
ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 12381 ਕੇਸ ਜਿਵੇਂ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, ਐਲਏਸੀ ਕੇਸ, ਮਾਲ ਕੇਸ, ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਵੀ ਲਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਗਾਏ ਗਏ।
ਇਸ ਲੋਕ ਅਦਾਲਤ ਵਿੱਚ ਰੂਪਨਗਰ ਵਿਖੇ 05 ਬੈਂਚ, ਸ੍ਰੀ ਅਨੰਦਪੁਰ ਸਾਹਿਬ ਵਿਖੇ 01 ਬੈਂਚ ਅਤੇ ਨੰਗਲ ਵਿਖੇ 01 ਬੈਂਚ ਲਗਾਏ ਗਏ। ਇਸ ਤੋਂ ਇਲਾਵਾ ਰੈਵੀਨਿਊ ਅਦਾਲਤਾਂ ਦੇ ਵੀ 18 ਬੈਂਚ ਲਗਾਏ ਗਏ। 12381 ਕੇਸਾਂ ਵਿੱਚੋਂ 11732 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 104821277/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਅੱਗੇ ਦੱਸਿਆ ਗਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈ। ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ।
ਇਸ ਲੋਕ ਅਦਾਲਤ ਦੇ ਮੌਕੇ ਤੇ ਆਉਣ ਵਾਲੇ ਲਿਟੀਗੈਂਟਾਂ ਲਈ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਵੱਲੋਂ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਲੋਕ ਅਦਾਲਤ ਦਾ ਸਿਲਸਿਲਾ ਨਾਲਸਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਗਲੇ ਸਾਲ ਵੀ ਜਾਰੀ ਰਹੇਗਾ। ਸਾਲ 2025 ਦੀ ਪਹਿਲੀ ਲੋਕ ਅਦਾਲਤ 8 ਮਾਰਚ 2025 ਨੂੰ ਹੋਵੇਗੀ।