Strict action to curb tobacco consumption, fines to be imposed under COTPA Act

ਤੰਬਾਕੂ ਉਪਭੋਗ ‘ਤੇ ਲਗਾਮ ਲਈ ਸਖਤ ਕਾਰਵਾਈ ਕੋਟਪਾ ਐਕਟ ਤਹਿਤ ਜੁਰਮਾਨੇ ਲਗੇ
ਰੂਪਨਗਰ, 2 ਮਈ: ਅਯੁਸ਼ਮਾਨ ਅਰੋਗਿਆ ਕੇਂਦਰ ਅਕਬਰਪੁਰ ਦੇ ਅਧੀਨ ਆਉਂਦੇ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਤੰਬਾਕੂ ਉਪਭੋਗ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਗਈ। ਹੇਲਥ ਸੁਪਰਵਾਈਜ਼ਰ ਜਗਤਾਰ ਸਿੰਘ ਅਤੇ ਹੇਲਥ ਵਰਕਰ ਹਰਜੀਤ ਸਿੰਘ ਨੇ ਸਾਂਝੀ ਤੌਰ ‘ਤੇ ਕਈ ਸਰਵਜਨਿਕ ਥਾਵਾਂ ‘ਤੇ ਚੈਕਿੰਗ ਕਰਦਿਆਂ ਕੋਟਪਾ ਐਕਟ (2003) ਅਧੀਨ ਕਈ ਵਿਅਕਤੀਆਂ ਨੂੰ ਤੰਬਾਕੂ ਸੇਵਨ ਕਰਦੇ ਹੋਏ ਰੰਗੇ ਹੱਥੀਂ ਫੜਿਆ।
ਇਹਨਾਂ ਵਿਅਕਤੀਆਂ ‘ਤੇ ਕੋਟਪਾ ਐਕਟ ਦੀ ਧਾਰਾ 4 ਅਤੇ 6 ਅਨੁਸਾਰ ਤੁਰੰਤ ਜੁਰਮਾਨੇ ਲਗਾਏ ਗਏ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਤੰਬਾਕੂ ਦੀ ਵਰਤੋਂ ਨਾ ਸਿਰਫ਼ ਉਨ੍ਹਾਂ ਦੀ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਆਸ-ਪਾਸ ਮੌਜੂਦ ਹੋਰ ਲੋਕਾਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪਾ ਦਿੰਦੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਾਈ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੰਬਾਕੂ ਦੀ ਲਤ ਦੇ ਕਾਰਨ ਹਰ ਸਾਲ ਹਜ਼ਾਰਾਂ ਲੋਕ ਆਪਣੀ ਕਿਮਤੀ ਜ਼ਿੰਦਗੀ ਗੁਆ ਬੈਠਦੇ ਹਨ। ਕੋਟਪਾ ਐਕਟ ਦੀ ਪਾਲਣਾ ਕਰਵਾਉਣ ਨਾਲ ਅਸੀਂ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਵੀ ਸਰਵਜਨਿਕ ਥਾਂ ‘ਤੇ ਤੰਬਾਕੂ ਉਪਭੋਗ ਕਰਦਾ ਵੇਖੇ, ਤਾਂ ਤੁਰੰਤ ਸਿਹਤ ਵਿਭਾਗ ਜਾਂ ਨਜ਼ਦੀਕੀ ਅਥਾਰਟੀ ਨੂੰ ਸੂਚਿਤ ਕਰੋ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਹੋਰਾਂ ਦੇ ਭਲੇ ਲਈ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ। ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ੋਰ-ਸ਼ੋਰ ਨਾਲ ਚਲਾਈ ਜਾਵੇਗੀ ਤਾਂ ਜੋ ਅਕਬਰਪੁਰ ਖੇਤਰ ਨੂੰ ਤੰਬਾਕੂ ਮੁਕਤ ਬਣਾਇਆ ਜਾ ਸਕੇ।