Soil was collected from different parts of the district for the “Meri Mitti Mera Desh” campaign under the Amrit Mahautsav of Independence.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਮੁਹਿੰਮ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆ ਤੋਂ ਮਿੱਟੀ ਲੈਕੇ ਇਕੱਠੀ ਕੀਤੀ ਗਈ
ਦੇਸ਼ ਦੀ ਆਜ਼ਾਦੀ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਦੇ ਬਹਾਦਰੀ ਦੇ ਕਿੱਸਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸਾਡਾ ਫਰਜ਼: ਡਿਪਟੀ ਕਮਿਸ਼ਨਰ
ਰੂਪਨਗਰ, 5 ਅਕਤੂਬਰ: ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਮੁਹਿੰਮ ਲਈ ਜ਼ਿਲ੍ਹੇ ਵੱਖ-ਵੱਖ ਥਾਵਾਂ ਤੋਂ ਕਲਸ਼ ਰਾਹੀਂ ਮਿੱਟੀ ਇਕੱਠੀ ਕਰਕੇ ਇਕ ਕਲਸ਼ ਤਿਆਰ ਕਰਕੇ ਸੂਬਾ ਪੱਧਰੀ ਸਮਾਗਮ ਲਈ ਚੰਡੀਗੜ੍ਹ ਭੇਜਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਆਈ ਮਿੱਟੀ ਨੂੰ ਇੱਕ ਸਾਂਝੇ ਕਲਸ਼ ਵਿਚ ਪਵਾਇਆ ਅਤੇ ਸਫਾਈ ਕਰਮਚਾਰੀਆਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਧੰਨਵਾਦ ਵੀ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ 7500 ਕਲਸ਼ਾਂ ’ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ ਅਤੇ ਕੌਮੀ ਜੰਗੀ ਯਾਦਗਾਰ ਨੇੜੇ ‘ਅੰਮ੍ਰਿਤ ਵਾਟਿਕਾ’ ਬਣਾਈ ਜਾਵੇਗੀ। ਅੰਮ੍ਰਿਤ ਵਾਟਿਕਾ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦਾ ਵੀ ਬਹੁਤ ਸ਼ਾਨਦਾਰ ਪ੍ਰਤੀਕ ਬਣੇਗੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ “ਮੇਰੀ ਮਿੱਟੀ ਮੇਰਾ ਦੇਸ਼” ਮੁਹਿੰਮ ਦਾ ਮੰਤਵ ਛੋਟੋ ਬੱਚਿਆਂ, ਵਿਦਿਆਰਥੀਆਂ ਤੋਂ ਲੈਕੇ ਨੌਜਵਾਨ ਸਮੇਤ ਹਰ ਵਰਗ ਦੇ ਆਮ ਲੋਕਾਂ ਨੂੰ ਦੇਸ਼-ਭਗਤੀ ਨਾਲ ਜੋੜਨਾ ਹੈ ਤਾਂ ਜੋ ਉਹ ਦੇਸ਼ ਪ੍ਰਤੀ ਬਣਦੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਇੱਕ ਸੱਭਿਅਕ ਅਤੇ ਇਮਾਨਦਾਰ ਨਾਗਰਿਕ ਹੋਣ ਦੀ ਭੂਮਿਕਾ ਨੂੰ ਯਕੀਨੀ ਤੌਰ ਉਤੇ ਨਿਭਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਦੇ ਕਿੱਸਿਆਂ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਈਏ ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਵੀ ਭਾਰਤ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਹਿੱਸਾ ਪਾ ਸਕਣ।
ਉਨ੍ਹਾਂ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਕਦੇ ਵੀ ਦੇਸ਼ ਦੇ ਸੁਨਹਿਰੀ ਭਵਿੱਖ ਨੂੰ ਨਹੀਂ ਸਿਰਜ ਸਕਦੀਆਂ ਅਤੇ ਮੇਰਾ ਮਿੱਟੀ ਮੇਰਾ ਦੇਸ਼ ਮੁਹਿੰਮ ਨੇ ਜਿੱਥੇ ਸਾਨੂੰ ਦੇਸ਼ ਭਗਤੀ ਤੇ ਜਜ਼ਬੇ ਦੇ ਨਾਲ ਜੋੜਿਆ ਹੈ ਉਥੇ ਹੀ ਇਹ ਮੁਹਿੰਮ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੈ ਕਿ ਅਸੀਂ ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਤੋਂ ਹੁੰਦੇ ਹੋਏ ਵੀ ਇੱਕ ਹਾਂ ਅਤੇ ਲੋੜ ਪੈਣ ਉਤੇ ਦੇਸ਼ ਲਈ ਖੂਨ ਦਾ ਕਤਰਾ-ਕਤਰਾ ਵਹਾਉਣ ਵਿਚ ਵਿਸ਼ਵਾਸ਼ ਰੱਖਦੇ ਹਾਂ।
ਇਸ ਮੌਕੇ ਨਹਿਰੂ ਸਟੇਡੀਅਮ ਵਿਖੇ ਦੇਸ਼ ਦੀ ਸੇਵਾ ਦੇ ਲਈ ਸਾਰਿਆਂ ਵਲੋਂ ਪ੍ਰਣ ਵੀ ਕੀਤਾ ਗਿਆ ਅਤੇ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਗਈ।