Smooth administration can be ensured with the use of modern technology: Retired Chief Secretary Karan Avtar Singh
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਸੁਚੱਜਾ ਪ੍ਰਸ਼ਾਸਨ ਯਕੀਨੀ ਕੀਤਾ ਜਾ ਸਕਦਾ: ਸੇਵਾ ਮੁਕਤ ਮੁੱਖ ਸਕੱਤਰ ਕਰਨ ਅਵਤਾਰ ਸਿੰਘ
ਰੂਪਨਗਰ, 23 ਦਸੰਬਰ: ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਸੁਚੱਜਾ ਪ੍ਰਸ਼ਾਸਨ ਯਕੀਨੀ ਕੀਤਾ ਜਾ ਸਕਦਾ ਹੈ ਪਰੰਤੂ ਹਾਲੇ ਵੀ ਤਕਨਾਲੋਜੀ ਦੇ ਮਾਮਲੇ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡਾ ਦੇਸ਼ ਕਾਫੀ ਪਛੜਿਆ ਹੋਇਆ ਹੈ। ਇਸ ਵਿੱਚ ਅਜੇ ਬਹੁਤ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਮਿਲਣ ਵਾਲੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਆਸਾਨੀ ਨਾਲ ਮੁਹੱਈਆ ਕਰਵਾਇਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਮੁੱਕਤ ਮੁੱਖ ਸਕੱਤਰ ਪੰਜਾਬ ਅਤੇ ਮੌਜੂਦਾ ਚੇਅਰਮੈਨ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵਲੈਪਮੈਂਟ ਅਥਾਰਟੀ ਸ. ਕਰਨ ਅਵਤਾਰ ਸਿੰਘ ਨੇ ਅੱਜ ਆਈ.ਆਈ.ਟੀ. ਰੋਪੜ ਵਿਖੇ ਸੁਚੱਜਾ ਪ੍ਰਸ਼ਾਸਨ ਵਰਕਸ਼ਾਪ ਦੌਰਾਨ ਕੀਤਾ।
ਉਨ੍ਹਾਂ ਵਰਕਸ਼ਾਪ ਮੌਕੇ ਮੌਜੂਦ ਅਧਿਕਾਰੀਆਂ ਨਾਲ ਆਪਣੇ ਵਿਚਾਰ ਅਤੇ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨਾ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲੋੜਵੰਦ ਲੋਕਾਂ ਨੂੰ ਲਾਭ ਮੁਹੱਈਆ ਕਰਵਾਉਣਾ ਹਰੇਕ ਅਧਿਕਾਰੀ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕੰਮਾਂ ਵਿੱਚ ਨਿਰਪੱਖਤਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਹੋਣ ਨਾਲ ਹੀ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰ ’ਤੇ ਭਰੋਸਾ ਬਣਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਾਸ ਕੰਮ ਜਾਂ ਸਕੀਮਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਪ੍ਰਚਾਰ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਣ। ਸੇਵਾ ਕੇਂਦਰ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੇ ਪ੍ਰੋਤਸਾਹਨ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵਰਕਸ਼ਾਪ ਆਯੋਜਿਤ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਚਲਾਈ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਠੋਸ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੌਰਾਨ ਵਿਸ਼ੇਸ਼ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਸਰਕਾਰੀ ਸਕੀਮਾਂ ਦਾ ਲੈਣ ਸਮੇਂ ਲਾਭਪਾਤਰੀਆਂ ਨਾਲ ਸਹੀ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਵੇ।
ਇਸ ਵਰਕਸ਼ਾਪ ਦੌਰਾਨ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਅਨਮਜੋਤ ਕੌਰ ਤੇ ਐਸ.ਡੀ.ਐਮ ਨੰਗਲ (ਬਤੌਰ ਟ੍ਰੇਨਿੰਗ) ਸ਼੍ਰੀਮਤੀ ਹਰਜੋਤ ਕੌਰ ਨੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਜਿਵੇਂ ਕੀ ਸੇਵਾਂ ਕੇਂਦਰਾਂ ਦੀ ਕਾਰਗੁਜ਼ਾਰੀ, ਔਰਤਾਂ ਦੀ ਸਹੂਲਤ ਲਈ ਸਖੀ ਸਟੌਪ ਸੈਂਟਰ, ਚੰਗਰ ਦੇ ਇਲਾਕੇ ਵਿੱਚ ਸਿੰਚਾਈ ਸੁਵਿਧਾ, ਝੁੱਗੀ ਝੌਂਪੜੀ ਵਿੱਚ ਜੀਵਨ ਬਸਰ ਕਰ ਰਹੇ ਬੱਚਿਆਂ ਦੀ ਪੜਾਈ ਲਈ ਵਿਸ਼ੇਸ਼ ਕਲਾਸਾਂ ਦੀ ਸ਼ੁਰੂਆਤ, ਲੋੜਵੰਦ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾਉਣ ਸਬੰਧੀ ਮੁਹਿੰਮ ਅਤੇ ਹੋਰ ਵੱਖ-ਵੱਖ ਉਪਰਾਲਿਆਂ ਦੀ ਜਾਣਕਾਰੀ ਪ੍ਰੈਜਨਟੇਸ਼ਨ ਰਾਹੀ ਦਿੱਤੀ।
ਇਸ ਵਰਕਸ਼ਾਪ ਵਿੱਚ ਐਸ.ਡੀ.ਐਮ ਸ. ਹਰਬੰਸ ਸਿੰਘ, ਪੀ.ਸੀ.ਐੱਸ ਅਰਵਿੰਦਰਪਾਲ ਸਿੰਘ ਸੌਮਲ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖ ਤੇ ਅਧਿਕਾਰੀ, ਅੰਬੂਜਾ ਸਿਮਿੰਟ ਤੋਂ ਰਿਤੇਸ਼ ਕੁਮਾਰ ਜੈਨ, ਯੁਗੇਸ਼ ਕੁਮਾਰ, ਰੋਇਲ ਟੈਕਸਟਾਇਲ ਨੰਗਲ ਤੋਂ ਰਵਿੰਦਰ ਅਰੋੜਾ, ਆਈ.ਪੀ.ਐਫ ਵਿਕਰਮ ਤੋਂ ਪ੍ਰਵੀਨ ਚਾਹਲ ਤੇ ਰਾਜੇਸ਼ ਕੁਮਾਰ, ਜੈਨ ਟਿੰਬਰ ਤੋਂ ਸੰਦੀਪ ਜੈਨ, ਚੀਮਾ ਬੁਆਇਲਰ ਤੋਂ ਆਰ.ਕੇ. ਸਿੰਘ, ਮੈਗਾ ਫੂਡ ਸਟਾਰ ਤੋਂ ਅਨੁਵਰ ਕੁਮਾਰ, ਅਨਮੋਲ ਸੈਲਫ ਹੈਲਪ ਗਰੁੱਪ, ਆਰ.ਕੇ. ਸੈਲਫ ਹੈਲਪ ਗਰੁੱਪ, ਮਾਤਾ ਸਾਹਿਬ ਕੌਰ ਸੈਲਫ ਹੈਲਪ ਗਰੁੱਪ, ਸੁੰਦਰ ਦਾਸ ਸੈਲਫ ਹੈਲਪ ਗਰੁੱਪ, ਗੁਰੂ ਰਵੀਦਾਸ ਸੈਲਫ ਹੈਲਪ ਗਰੁੱਪ, ਪ੍ਰਭੂ ਸੈਲਫ ਹੈਲਪ ਗਰੁੱਪ, ਪ੍ਰੀਤ ਸੈਲਫ ਹੈਲਪ ਗਰੁੱਪ ਅਤੇ 8 ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।