Registration of free skill development training under Punjab Skill Development Scheme started- Additional Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੰਜਾਬ ਹੁਨਰ ਵਿਕਾਸ ਯੋਜਨਾ ਅਧੀਨ ਮੁਫਤ ਹੁਨਰ ਵਿਕਾਸ ਟ੍ਰੇਨਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ- ਵਧੀਕ ਡਿਪਟੀ ਕਮਿਸ਼ਨਰ
ਰੂਪਨਗਰ, 09 ਜਨਵਰੀ: ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਨੌਜਵਾਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਮੁਫਤ ਹੁਨਰ ਵਿਕਾਸ ਟ੍ਰੇਨਿੰਗ ਦੇ ਕੇ ਹੁਨਰਮੰਦ ਕੀਤਾ ਜਾ ਰਿਹਾ ਹੈ। ਇਸੇ ਅਧੀਨ ਜ਼ਿਲ੍ਹੇ ਦੇ ਨੌਜਵਾਨਾਂ ਲਈ ਮੁਫਤ ਵਿਚ ਸਕਿੱਲ ਫੋਟੋਗ੍ਰਾਫਰ ਦੀਆਂ ਕੁੱਲ 120 ਸੀਟਾਂ ਦੀ ਹੁਨਰ ਵਿਕਾਸ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਸਕਿੱਲ ਟ੍ਰੇਨਿੰਗ ਦੇ ਨਾਲ-ਨਾਲ ਕੰਪਿਊਟਰ ਟ੍ਰੇਨਿੰਗ ਅਤੇ ਸਾਫਟ ਸਕਿੱਲ ਅਤੇ ਇੰਗਲਿਸ਼ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਸਮੇਂ ਵਿਚ ਮੁਫਤ ਵਰਦੀ, ਬੈਗ ਅਤੇ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਹਾਜ਼ਰੀ ਅਨੁਸਾਰ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਸਫਲਤਾ ਪੂਰਵਕ ਟ੍ਰੇਨਿੰਗ ਪਾਸ ਕਰ ਚੁੱਕੇ ਸਿਖਿਆਰਥੀ ਨੂੰ ਪ੍ਰਾਈਵੇਟ ਅਦਾਰੇ ਵਿਚ ਪਲੇਸਮੈਂਟ ਵੀ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਰੂਰਲ ਸਕਿੱਲ ਸੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਬਲਾਕ ਰੋਪੜ ਅਤੇ ਰੂਰਲ ਸਕਿੱਲ ਸੈਂਟਰ ਸਰਕਾਰੀ ਇੰਦਰਾ ਹਾਈ ਸਕੂਲ ਕਾਈਨੌਰ ਬਲਾਕ ਮੋਰਿੰਡਾ ਵਿੱਚ ਦਿੱਤੀ ਜਾਵੇਗੀ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਕਮਰਾ ਨੰਬਰ 9 ਵਿੱਚ ਜਾਂ ਦੋਨੋਂ ਟ੍ਰੇਨਿੰਗ ਸੈਟਰਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।