Close

Regarding precautions to be exercised while coming from outside to home

Publish Date : 11/04/2020

Office of District Public Relations Officer, Rupnagar

Rupnagar Dated 11 April 2020

ਬਾਹਰੋਂ ਆ ਕੇ ਘਰ ਵਿੱਚ ਦਾਖ਼ਲੇ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਅਤਿ ਜ਼ਰੂਰੀ : ਸਿਵਲ ਸਰਜਨ

ਸਾਵਧਾਨੀਆਂ ਵਰਤ ਕੇ ਹੀ ਪਰਿਵਾਰਕ ਮੈਂਬਰਾਂ ਨੂੰ ਖਤਰੇ ਤੋਂ ਬਚਾਇਆ ਜਾ ਸਕਦਾ ਹੈ

ਸਿਵਲ ਸਰਜਨ ਨੇ ਪਿੰਡਾਂ ਵਿੱਚ ਗੈਰਜ਼ਰੂਰੀ ਆਵਾਜਾਈ ਨੂੰ ਸਖਤੀ ਨਾਲ ਰੋਕਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਚਾਇਤਾਂ ਦਾ ਕੀਤਾ ਧੰਨਵਾਦ

ਰੂਪਨਗਰ , 11 ਅਪ੍ਰੈਲ – ਕੋਵਿਡ-19 ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਤਾਂ ਜੋ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਰੱਖ ਸਕੀਏ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ.ਐਨ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਅਜਿਹੀ ਭਿਆਨਕ ਮਹਾਂਮਾਰੀ ਹੈ, ਜਿਸ ਤੋਂ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਬਾਹਰੋਂ ਆਪਣੇ ਘਰ ਵਾਪਸ ਆਉਂਦਾ ਹੈ ਤਾਂ ਉਸ ਵੱਲੋਂ ਘਰ ਵਿੱਚ ਜਾ ਕੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਸਭ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੇ ਜਾਣ, ਜੇਕਰ ਪਾਲਤੂ ਜਾਨਵਰ ਵੀ ਬਾਹਰੋਂ ਆਇਆ ਹੋਵੇ ਤਾਂ ਉਸ ਦੇ ਪੰਜਿਆਂ ਨੂੰ ਵੀ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਵੇ।
ਡਾ. ਸ਼ਰਮਾ ਨੇ ਦੱਸਿਆ ਕਿ ਆਪਣੇ ਕਪੜਿਆਂ ਨੂੰ ਬਦਲ ਕੇ ਧੋਣ ਲਈ ਵੱਖਰੇ ਤੌਰ `ਤੇ ਰੱਖ ਦਿੱਤਾ ਜਾਵੇ ਜਿਸ ਉਪਰੰਤ ਬੈਗ, ਪਰਸ, ਚਾਬੀਆਂ ਆਦਿ ਨੂੰ ਘਰ ਦੀ ਐਂਟਰੀ `ਤੇ ਹੀ ਕਿਸੇ ਬਕਸੇ ਵਿੱਚ ਪਾ ਦਿੱਤਾ ਜਾਵੇ ਤਾਂ ਜੋ ਘਰ ਦੀ ਕਿਸੀ ਅੰਦਰਲੀ ਚੀਜ਼ ਨਾਲ ਇਨ੍ਹਾਂ ਦਾ ਸੰਪਰਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਤੁਸੀਂ ਨਹਾਉਣ ਨਾਲ ਰੋਗਾਣੂ ਮੁਕਤ ਹੋ ਜਾਂਦੇ ਹੋ, ਇਸ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਕਿਸੇ ਕਾਰਨ ਨਹਾਉਣਾ ਨਹੀਂ ਚਾਹੁੰਦੇ ਤਾਂ ਘੱਟੋ-ਘੱਟ ਹੱਥ, ਬਾਹਾਂ, ਗਰਦਨ ਤੇ ਨਹੂੰਆਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕਰਨਾ ਚਾਹੀਦਾ ਹੈ।

ਸਿਵਲ ਸਰਜਨ ਨੇ ਕਿਹਾ ਕਿ ਮੋਬਾਇਲ ਫੋਨ ਅਤੇ ਐਨਕਾਂ ਨੂੰ ਗਰਮ ਸਬਣ ਵਾਲੇ ਪਾਣੀ ਦੀ ਸਪਰੇਅ ਨਾਲ ਰੋਗਾਣੂ ਮੁਕਤ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਬਾਹਰੋਂ ਲਿਆਂਦੀ ਕਿਸੇ ਵੀ ਵਸਤੂ ਨੂੰ ਚੰਗੀ ਤਰ੍ਹਾਂ ਰੋਗਾਣੂ ਮੁਕਤ ਕਰਨ ਤੋਂ ਬਾਅਦ ਹੀ ਘਰ ਅੰਦਰ ਲਿਆਂਦਾ ਜਾਵੇ ਅਤੇ ਇਸ ਉਪਰੰਤ ਇੱਕ ਵਾਰ ਮੁੜ ਹੱਥਾਂ ਨੂੰ ਸਹੀ ਤਰੀਕੇ ਨਾਲ ਸਾਫ ਕੀਤਾ ਜਾਵੇ। ਡਾ. ਸ਼ਰਮਾ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਕੋਰੋਨਾ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਆਪਕ ਪੱਧਰ `ਤੇ ਉਪਰਾਲੇ ਕਰ ਰਿਹਾ ਹੈ। ਲੋਕ ਘਰ ਵਿੱਚ ਰਹਿ ਕੇ ਵਾਇਰਸ ਦੇ ਖਾਤਮੇ ਵਿੱਚ ਆਪਣਾ ਵੱਡਮੁੱਲਾ ਸਹਿਯੋਗ ਦੇ ਸਕਦੇ ਹਨ।

ਡਾ. ਸ਼ਰਮਾ ਨੇ ਪੰਚਾਇਤਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੇ ਪੱਧਰ `ਤੇ ਪਿੰਡਾਂ ਦੇ ਬਾਹਰ ਹੀ ਗੈਰਜ਼ਰੂਰੀ ਆਵਾਜਾਈ ਨੂੰ ਰੋਕਣ ਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਵਿਭਿੰਨ ਸੇਵਾਵਾਂ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ 104 ਅਤੇ 112 ਦੀ ਸਹਾਇਤਾ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਸੁੱਕੀ ਖੰਘ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ `ਤੇ ਹੀ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।