Close

Ration kits distributed by Deputy Commissioner to cure TB victims

Publish Date : 07/08/2023
Ration kits distributed by Deputy Commissioner to cure TB victims

ਡਿਪਟੀ ਕਮਿਸ਼ਨਰ ਵੱਲੋਂ ਟੀ.ਬੀ.ਪੀੜਤਾਂ ਨੂੰ ਨਿਰੋਗ ਕਰਨ ਲਈ ਵੰਡੀਆਂ ਗਈਆਂ ਰਾਸ਼ਨ ਕਿੱਟਾਂ

ਡਾ. ਕਮਲਦੀਪ ਵਲੋਂ ਸ਼ਹਿਰਵਾਸੀਆਂ ਨੂੰ ਟੀ.ਬੀ. ਪੀੜਤਾਂ ਲਈ ਮਹੀਨਾਵਾਰ ਮੁਫਤ ਰਾਸ਼ਨ ਦੀ ਸੁਵਿਧਾ ਦੇਣ ਲਈ ਸਹਿਯੋਗ ਦੇਣ ਦੀ ਅਪੀਲ

ਰੂਪਨਗਰ, 7 ਅਗਸਤ: ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਰਜਿਸਟਰਡ 10 ਨਿਕਸ਼ੇ ਮਿੱਤਰਾ ਦੇ ਸਹਿਯੋਗ ਨਾਲ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਵੱਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦੇ ਟੀ.ਬੀ. ਕਲੀਨਿਕ ਵਿਖੇ ਮਰੀਜ਼ਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਜਿਸ ਅਧੀਨ ਜ਼ਿਲ੍ਹੇ ਵਿੱਚ 469 ਮਰੀਜਾਂ ਨੂੰ ਮੁਫ਼ਤ ਰਾਸ਼ਨ ਦੀ ਸੁਵਿਧਾ ਮੁੱਹਈਆ ਕਰਵਾਈ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਮੁਫਤ ਰਾਸ਼ਨ ਦੇਣ ਦਾ ਮੰਤਵ ਟੀ. ਬੀ. ਦੇ ਮਰੀਜ਼ਾਂ ਨੂੰ ਤਹਿ ਟੀਚੇ ਅਨੁਸਾਰ ਮੁਕੰਮਲ ਤੌਰ ਉੱਤੇ ਨਿਰੋਗ ਕਰਕੇ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣ ਵਿੱਚ ਮਹਤਵੂਰਣ ਭੂਮਿਕਾ ਅਦਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਹੁਣ ਤੋਂ ਹਰ ਮਹੀਨੇ ਨਿਕਸ਼ੇ ਮਿੱਤਰਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ ਰਜਿਸਟਰਡ ਮਰੀਜਾਂ ਨੂੰ ਨਿਊਟ੍ਰਿਸ਼ਨ ਨਾਲ ਭਰਪੂਰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸ ਕਿੱਟ ਵਿੱਚ ਮਹੀਨੇ ਭਰ ਦਾ ਜਰੂਰੀ ਰਾਸ਼ਨ ਜਿਵੇਂ ਕਿ ਆਟਾ, ਦਾਲ, ਤੇਲ, ਮਿਲਕ ਪਾਊਡਰ, ਸੋਇਆਬੀਨ, ਪ੍ਰੋਟੀਨ ਪਾਊਡਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਨੂੰ ਟੀ.ਬੀ. ਮੁਕਤ ਕਰਨ ਲਈ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਹੁਣ ਮਰੀਜ ਨੂੰ ਦਵਾਈ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਰਾਸ਼ਨ ਦੀ ਮਦਦ ਨਾਲ ਮਰੀਜਾਂ ਨੂੰ ਨਿਸ਼ਚਿਤ ਤੌਰ ਉੱਤੇ ਆਪਣੀ ਬੀਮਾਰੀ ਤੋਂ ਜਲਦੀ ਕਾਬੂ ਪਾਉਣ ਵਿੱਚ ਮਦਦ ਮਿਲੇਗੀ।

ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਜਿਲ੍ਹੇ ਅੰਦਰ ਰਜਿਸਟਰਡ ਕੁੱਲ 535 ਮਰੀਜਾਂ ਵਿੱਚੋਂ 469 ਮਰੀਜਾਂ ਨੇ ਰਾਸ਼ਨ ਲੈਣ ਦੀ ਸੁਵਿਧਾ ਲਈ ਸਹਿਮਤੀ ਦਿੱਤੀ ਹੈ, ਜਿਸ ਵਿੱਚੋਂ ਤਕਰੀਬਨ 332 ਮਰੀਜਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ, 109 ਮਰੀਜਾਂ ਨੂੰ ਜਿਲ੍ਹਾ ਰੈਡ ਕਰਾਸ ਰੂਪਨਗਰ ਵੱਲੋਂ ਅਤੇ 28 ਮਰੀਜਾਂ ਨੂੰ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਬਤੋਰ ਨਿਕਸ਼ੇ ਮਿੱਤਰ ਬਣ ਕੇ ਹਰ ਮਹੀਨੇ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਜਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਨਿਕਸ਼ੇ ਮਿੱਤਰ ਬਣਨ ਲਈ ਅੱਗੇ ਆਉਣ ਤਾਂ ਜੋ ਵੱਧ ਤੋਂ ਵੱਧ ਟੀ.ਬੀ. ਪੀੜਿਤਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਜਾ ਸਕੇ।

ਇਸ ਮੋਕੇ ਐਸ.ਐਮ.ਓ.ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਐਸ.ਐਮ.ਓ. ਡਾ. ਅਮਰਜੀਤ ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਪ੍ਰਭਲੀਨ ਕੋਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਿਤੂ, ਰੈਡ ਕਰਾਸ ਰੂਪਨਗਰ ਤੋਂ ਗੁਰਸੋਹਨ ਸਿੰਘ ਅਤੇ ਦਲਜੀਤ ਕੋਰ, ਟੀ.ਬੀ. ਕਲੀਨਿਕ ਦਾ ਸਟਾਫ ਅਤੇ ਟੀ.ਬੀ. ਮਰੀਜ ਮੋਜੂਦ ਸਨ।