Punjab State Food Commission Chairman emphasizes on nutritional security

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਪੋਸ਼ਣ ਸੁਰੱਖਿਆ ’ਤੇ ਦਿੱਤਾ ਜ਼ੋਰ
ਬੱਚਿਆਂ ਨੂੰ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਆਂਗਣਵਾੜੀ ਕੇਂਦਰਾਂ ’ਚ ਪੋਸ਼ਣ ਵਾਟਿਕਾ ਵਿਕਸਿਤ ਕਰਨ ਲਈ ਕਿਹਾ
ਕਿਹਾ, ਸਕੂਲਾਂ ’ਚ ਵੀ ਖਾਲੀ ਪਈਆਂ ਥਾਵਾਂ ’ਤੇ ਫਲ਼ ਤੇ ਸਬਜ਼ੀਆਂ ਤੋਂ ਇਲਾਵਾ ਹਰਬਲ ਤੇ ਮੈਡੀਸੀਨਲ ਗੁਣਾਂ ਵਾਲੇ ਪੌਦੇ ਲਗਾਏ ਜਾਣ
ਰੂਪਨਗਰ, 23 ਸਤੰਬਰ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਕਮੇਟੀ ਰੂਮ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਪੋਸ਼ਣ ਸੁਰੱਖਿਆ ’ਤੇ ਜ਼ੋਰ ਦਿੱਤਾ ਤਾਂ ਜੋ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਯਕੀਨੀ ਕੀਤੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਖੁਰਾਕ ਤੇ ਸਿਵਲ ਸਪਲਾਈਜ਼, ਸਿਹਤ, ਸਮਾਜਿਕ ਸੁਰੱਖਿਆ, ਬਾਗ਼ਬਾਨੀ, ਜੰਗਲਾਤ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇਥੇ ਮੀਟਿੰਗ ਦੌਰਾਨ ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਜਿਥੇ ਸੂਬੇ ਦੇ ਲੋਕਾਂ ਤੱਕ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ ਉਥੇ ਬੱਚਿਆਂ ਦੀ ਸਿਹਤ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ।
ਚੇਅਰਮੈਨ ਨੇ ਬੱਚਿਆਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਵਾਟਿਕਾ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਵਿੱਚ ਵੀ ਖਾਲੀ ਪਈਆਂ ਥਾਵਾਂ ਉੱਤੇ ਫਲ਼ ਤੇ ਸਬਜ਼ੀਆਂ ਦੇ ਨਾਲ-ਨਾਲ ਹਰਬਲ ਅਤੇ ਮੈਡੀਸੀਨਲ ਗੁਣਾਂ ਵਾਲੇ ਪੌਦੇ ਲਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਬੱਚਿਆਂ ਨੂੰ ਤਾਜ਼ਾ ਅਤੇ ਪੋਸ਼ਣਯੁਕਤ ਮਿਡ ਡੇ ਭੋਜਨ ਮਿਲ ਸਕੇ।
ਮਿਡ-ਡੇ ਮੀਲ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਸ਼ਰਮਾ ਨੇ ਬੱਚਿਆਂ ਨੂੰ ਮਿਆਰੀ ਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਨ ਦੇ ਢੁੱਕਵੇਂ ਰੱਖ-ਰਖਾਅ, ਖਾਣਾ ਤਿਆਰ ਕਰਨ ਸਮੇਂ ਸਾਫ਼-ਸਫਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਲਾਭਪਾਤਰੀਆਂ ਲਈ ਆਉਂਦੀ ਖੁਰਾਕ ਅਤੇ ਸਕੂਲਾਂ ਵਿੱਚ ਮਿਡ-ਡੇ ਮੀਲ ਦੇ ਰਾਸ਼ਨ ਦੀ ਢੁੱਕਵੀਂ ਸਟੋਰੇਜ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੁੱਕਾਂ, ਹੈਲਪਰਾਂ ਤੇ ਹੋਰ ਸਟਾਫ਼ ਨੂੰ ਸਾਫ-ਸਫਾਈ ਅਤੇ ਹੋਰ ਮਿਆਰਾਂ ਸਬੰਧੀ ਬਾਕਾਇਦਾ ਸਿਖ਼ਲਾਈ ਪ੍ਰਦਾਨ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਚੇਅਰਮੈਨ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਦਾ ਜਾਇਜ਼ਾ ਲੈਂਦਿਆਂ ਇਸਦਾ ਢੁੱਕਵਾਂ ਰਿਕਾਰਡ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਸ਼ਣ ਸੁਰੱਖਿਆ ਰਾਹੀਂ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਇਆ ਜਾ ਸਕਦਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 834 ਸਕੂਲਾਂ ਜਿਸ ਵਿੱਚ 549 ਪ੍ਰਾਇਮਰੀ, 150 ਮਿਡਲ ਸਕੂਲ, 55 ਸੈਕੰਡਰੀ ਅਤੇ 59 ਹਾਈ ਸਕੂਲ ਸ਼ਾਮਿਲ ਹਨ, ਦੇ ਵਿਦਿਆਰਥੀ ਮਿਡ-ਡੇ ਮੀਲ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਕਿਚਨ ਸ਼ੈੱਡ, ਗੈਸ ਕੁਨੈਕਸ਼ਨ, ਗੈਸ ਭੱਠੀਆਂ, ਅੱਗ ਬੁਝਾਉ ਯੰਤਰ ਆਦਿ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1494 ਕੁੱਕ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ 353 ਸਕੂਲਾਂ ਵਿੱਚ ਕਿਚਨ ਗਾਰਡਨ ਵੀ ਚਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 345 ਵਾਜਬ ਕੀਮਤ ਦੀਆਂ ਦੁਕਾਨਾਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 105116 ਰਾਸ਼ਨ ਕਾਰਡ ਧਾਰਕ ਅਤੇ ਕਰੀਬ 395612 ਲਾਭਪਾਤਰੀ ਹਨ, ਜਿਨ੍ਹਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਕਣਕ ਦੀ ਵੰਡ ਕੀਤੀ ਜਾਂਦੀ ਹੈ।
ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼ਰੂਤੀ ਸ਼ਰਮਾ, ਜ਼ਿਲ੍ਹਾ ਜੰਗਲਾਤ ਅਫ਼ਸਰ ਹਰਜਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਮੈਨੇਜਰ ਮਾਰਕਫੈੱਡ ਨਵਿਤਾ ਰਾਣੀ, ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਰੂਪਨਗਰ ਵਿਜੈ ਪ੍ਰਤਾਪ, ਖੇਤੀਬਾੜੀ ਅਫ਼ਸਰ ਪੰਕਜ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਪ੍ਰੋਗਰਾਮ ਦਫ਼ਤਰ ਰਾਹੁਲ ਗੌਤਮ, ਬਾਗਬਾਨੀ ਅਫ਼ਸਰ ਯੁਵਰਾਜ, ਆਯੁਰਵੈਦਿਕ ਵਿਭਾਗ ਤੋਂ ਡਾ. ਪਰਮਜੀਤ ਸੈਣੀ, ਸਹਾਇਕ ਡਾਇਰੈਕਟਰ ਕੇਵੀਕੇ ਡਾ. ਸਤਬੀਰ ਸਿੰਘ, ਫੂਡ ਸਪਲਾਈ ਅਫ਼ਸਰ ਦਿਨੇਸ਼ਜੋਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।