Close

PPCB and Canal Department should take strict action against those who harm the quality and cleanliness of river water: Deputy Commissioner

Publish Date : 03/09/2024
PPCB and Canal Department should take strict action against those who harm the quality and cleanliness of river water: Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨਦੀਆਂ ਦੇ ਪਾਣੀ ਦੀ ਗੁਣਵੱਤਾ ਤੇ ਸਵੱਛਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਪੀਪੀਸੀਬੀ ਤੇ ਨਹਿਰੀ ਵਿਭਾਗ ਸਖਤ ਕਾਰਵਾਈ ਕਰੇ: ਡਿਪਟੀ ਕਮਿਸ਼ਨਰ

ਰੂਪਨਗਰ, 3 ਸਤੰਬਰ: ਨਦੀਆਂ, ਖੱਡਾਂ, ਡਰੇਨਾਂ ਦੇ ਪਾਣੀ ਦੀ ਗੁਣਵੱਤਾ ਤੇ ਸਵੱਛਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਹਿਰੀ ਵਿਭਾਗ ਸਮੇਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਸਖਤੀ ਨਾਲ ਕਾਨੂੰਨੀ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਾਣੀ ਦੇ ਸਰੋਤਾਂ ਵਿਚ ਗੰਦਾ ਪਾਣੀ ਪਾਉਣ ਉਤੇ ਪੂਰਨ ਤੌਰ ਉਤੇ ਪਾਬੰਦੀ ਹੈ ਪਰ ਫਿਰ ਵੀ ਉਦਯੋਗਾਂ, ਸੀਵਰੇਜ ਦਾ ਪਾਣੀ ਤੇ ਕਈ ਰਿਹਾਇਸ਼ੀ ਇਲਾਕਿਆਂ ਤੋਂ ਸਿੱਧੇ ਤੌਰ ਉਤੇ ਪਾਣੀ ਨਦੀਆਂ, ਡਰੇਨਾਂ, ਖੱਡਾਂ ਵਿਚ ਪਾਇਆ ਜਾਂਦਾ ਹੈ ਜਿਨ੍ਹਾਂ ਖਿਲਾਫ ਹੁਣ ਨਾਰਦਨ ਇੰਡਿਆ ਕਨਾਲ ਐਂਡ ਡਰੇਨੇਜ ਐਕਟ 1873 ਅਤੇ ਵਾਟਰ ਪ੍ਰਦੂਸ਼ਣ ਐਕਟ ਅਧੀਨ ਬਣਦੀ ਕਾਰਵਾਈ ਯਕੀਨਨ ਕੀਤੀ ਜਾਵੇਗੀ ਅਤੇ ਇਸ ਗੰਭੀਰ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਨਿੱਜੀ ਉਦਯੋਗ ਹੈ ਜਾਂ ਫਿਰ ਕੋਈ ਸਰਕਾਰੀ ਵਿਭਾਗ।

ਉਨ੍ਹਾਂ ਕਿਹਾ ਕਿ ਪਾਣੀ ਦੇ ਸਰੋਤਾਂ ਨੂੰ ਨੁਕਸਾਨ ਪਹੁੰਚਾਉਣ ਸਿੱਧੇ ਤੌਰ ਉਤੇ ਕੁਦਰਤ ਨਾਲ ਛੇੜਛਾੜ ਕਰਨਾ ਹੈ ਜਿਸ ਦੇ ਗੰਭੀਰ ਨਤੀਜੇ ਸਾਨੂੰ ਮਾਰੂ ਬਿਮਾਰੀਆ ਅਤੇ ਵਾਤਾਵਰਨ ਉਤੇ ਮਾੜੇ ਪ੍ਰਭਾਵਾਂ ਦੇ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਨਾ ਠੀਕ ਹੋਣ ਵਾਲੇ ਪ੍ਰਭਾਵਾਂ ਸਦਕਾ ਆਉਣ ਵਾਲੀਆਂ ਪੀੜੀਆਂ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜਿਸ ਲਈ ਸਾਨੂੰ ਵਰਤਮਾਨ ਸਮੇਂ ਵਿਚ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਖੇ ਪੈਂਦੀਆਂ ਨਦੀਆਂ, ਡਰੇਨਾਂ, ਖੱਡਾਂ ਆਦਿ ਵਿਚ ਜਿੱਥੇ ਵੀ ਗੰਦਾ ਪਾਣੀ ਪਾਇਆ ਜਾਂਦਾ ਹੈ ਉਸ ਦੀ ਸੂਚਨਾ ਜਲ ਸਰੋਤ ਵਿਭਾਗ ਨੂੰ ਭੇਜੀ ਗਈ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਪਾਣੀ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਉਤੇ ਸਤਲੁਜ ਦਰਿਆ, ਸਰਹਿੰਦ ਨਹਿਰ, ਚਰਨ ਗੰਗਾ ਖੱਡ, ਨਿਚਲਾ ਗੜਬਾਗਾ ਚੋਆ, ਉਪਰਲਾ ਗੜਬਾਗਾ ਚੋਆ, ਅਸਮਾਨਪੁਰ ਚੋਆ, ਟੱਪਰੀਆਂ ਚੋਆ, ਲਾਡਲ ਚੋਆ, ਕਰਤਾਰਪੁਰ ਚੋਆ, ਮਨਸੌਲੀ ਡਰੇਨ, ਅਹਿਮਪੁਰ ਡਰੇਨ, ਭਾਉਵਾਲ ਡਰੇਨ, ਬੜਾ ਪਿੰਡ ਚੋਆ, ਬੰਦੇਮਾਲਾ ਡਰੇਨ, ਸਿਸਵਾ ਨਦੀ, ਫੂਲ ਡਰੇਨ ਸਮੇਤ ਕਈ ਹੋਰ ਅਹਿਮ ਡਰੇਨਾਂ ਆਦਿ ਦੇ ਪ੍ਰਦੂਸ਼ਿਤ ਹੋਣ ਵਾਲੀਆਂ ਥਾਵਾਂ ਦੀ ਵੇਰਵੇ ਸਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਹਿਰੀ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਵਿਭਾਗ ਅਤੇ ਮਾਈਨਿੰਗ ਵਿਭਾਗ ਨਾਲ ਨਿਰੀਖਣ ਕੀਤਾ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਸਬੰਧਿਤ ਸਬ ਡਵੀਜਨਲ ਮੈਜੀਸਟ੍ਰੇਟ ਆਪਣੇ ਅਧੀਨ ਆਉਂਦੇ ਇਲਾਕਿਆਂ ਦੀ ਰਿਪੋਰਟ ਇੱਕ ਹਫਤੇ ਵਿਚ ਪੇਸ਼ ਕਰਨਗੇ ਅਤੇ ਸਬੰਧਿਤ ਵਿਭਾਗ ਪਾਣੀ ਪ੍ਰਦੂਸ਼ਿਤ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਇੱਕ ਹਫਤੇ ਦੇ ਦੌਰਾਨ ਉਨ੍ਹਾਂ ਨੂੰ “ਐਕਸ਼ਨ ਟੇਕਨ ਰਿਪੋਰਟ” ਪੇਸ਼ ਕਰਨਗੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ. ਬੀਰਦਵਿੰਦਰ ਸਿੰਘ, ਲੋਕ ਸੰਪਰਕ ਅਫਸਰ ਸ਼੍ਰੀ ਕਰਨ ਮਹਿਤਾ, ਕਾਰਜਕਾਰੀ ਇੰਜੀਨੀਅਰ ਡਰੇਨੇਜ ਸ਼੍ਰੀ ਤੁਸ਼ਾਰ ਗੋਇਲ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਰੂਪਨਗਰ ਸ਼੍ਰੀ ਜੁਗਲ ਕਿਸ਼ੋਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ੍ਰੀ ਅਨੰਦਪੁਰ ਸਾਹਿਬ ਸ. ਹਰਜੀਤਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਐਸ.ਡੀ.ਓ. ਰੋਪੜ ਕੈਨਾਲ ਹੈੱਡਵਰਕਸ ਸ਼੍ਰੀ ਲਲਿਤ ਗਰਗ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।