PAU-KVK Ropar organizes 13th training program on natural farming
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੀ.ਏ.ਯੂ.–ਕੇ.ਵੀ.ਕੇ. ਰੋਪੜ ਵੱਲੋਂ ਕੁਦਰਤੀ ਖੇਤੀ ਸੰਬੰਧੀ 13ਵਾਂ ਸਿਖਲਾਈ ਪ੍ਰੋਗਰਾਮ ਆਯੋਜਿਤ
ਰੂਪਨਗਰ, 14 ਨਵੰਬਰ: ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਰੋਪੜ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੇ ਪਸਾਰ ਹੇਠ ਕੰਮ ਕਰਦਾ ਹੈ, ਵੱਲੋਂ ਨੇਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ (ਐੱਨ.ਐੱਮ.ਐੱਨ.ਐੱਫ.) ਤਹਿਤ ਕੁਦਰਤੀ ਖੇਤੀ ਬਾਰੇ 13ਵਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਸਹਿਯੋਗ ਨਾਲ ਕੇ.ਵੀ.ਕੇ. ਰੋਪੜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ–ਵੱਖ ਬਲਾਕਾਂ ਤੋਂ 50 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।
ਇਹ ਸਿਖਲਾਈ ਪ੍ਰੋਗਰਾਮ ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਰੋਪੜ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਤਕਨੀਕੀ ਸੈਸ਼ਨਾਂ ਦੀ ਅਗਵਾਈ ਡਾ. ਉਰਵੀ ਸ਼ਰਮਾ, ਸਹਾਇਕ ਪ੍ਰੋਫੈਸਰ (ਪੌਧ ਸੁਰੱਖਿਆ) ਵੱਲੋਂ ਕੀਤੀ ਗਈ। ਉਨ੍ਹਾਂ ਨੇ ਐੱਨ.ਐੱਮ.ਐੱਨ.ਐੱਫ. ਦੇ ਉਦੇਸ਼ਾਂ, ਕੁਦਰਤੀ ਖੇਤੀ ਦੇ ਸਿਧਾਂਤਾਂ, ਇਸ ਦੇ ਲਾਭਾਂ ਅਤੇ ਟਿਕਾਊ ਖੇਤੀ ਵਿੱਚ ਇਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਭਾਗੀਦਾਰਾਂ ਨੂੰ ਬੀਜਾਮ੍ਰਿਤ, ਜੀਵਾਮ੍ਰਿਤ, ਘਣ ਜੀਵਾਮ੍ਰਿਤ ਅਤੇ ਨੀਮਾਸ਼ਤਰ ਵਰਗੇ ਘੱਟ ਲਾਗਤ ਵਾਲੇ ਜੈਵਿਕ ਘੋਲਾਂ ਦੀ ਤਿਆਰੀ ਅਤੇ ਉਪਯੋਗ ਬਾਰੇ ਪ੍ਰਯੋਗਾਤਮਕ ਤਰੀਕੇ ਨਾਲ ਸਿਖਾਇਆ ਗਿਆ।
ਕਿਸਾਨਾਂ ਨੇ ਸਰਗਰਮ ਭਾਗ ਲੈਂਦੇ ਹੋਏ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਦੀਆਂ ਤਕਨੀਕਾਂ ਅਪਣਾਉਣ ਵਿੱਚ ਵੱਡੀ ਰੁਚੀ ਦਿਖਾਈ। ਕੇ.ਵੀ.ਕੇ. ਰੋਪੜ ਵੱਲੋਂ ਟਿਕਾਊ ਖੇਤੀਬਾੜੀ ਦੇ ਪ੍ਰਚਾਰ ਲਈ ਦਿੱਤੀ ਜਾ ਰਹੀ ਵਿਗਿਆਨਕ ਰਹਿਨੁਮਾਈ ਦੀ ਕਿਸਾਨਾਂ ਵੱਲੋਂ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ।