Paddy procurement continues smoothly in Rupnagar district

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਜਾਰੀ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕੇਵਲ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ ਦੀ ਕੀਤੀ ਅਪੀਲ
ਰੂਪਨਗਰ, 14 ਅਕਤੂਬਰ: ਰੂਪਨਗਰ ਜ਼ਿਲ੍ਹੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਅੱਜ ਜ਼ਿਲ੍ਹੇ ਦੇ ਉੱਚ ਅਧਿਕਾਰੀਆ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਕਤੂਬਰ 2025 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 43,897 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 4,716 ਮੀਟਰਿਕ ਟਨ ਝੋਨਾ ਸਿਰਫ਼ 13 ਅਕਤੂਬਰ ਨੂੰ ਹੀ ਪਹੁੰਚਿਆ ਹੈ। ਹੁਣ ਤੱਕ ਦੀ ਖਰੀਦ 43,882 ਮੀਟਰਿਕ ਟਨ ਹੈ, ਜਿਸ ਵਿੱਚੋਂ 43,188 ਮੀਟਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਅਤੇ 694 ਮੀਟਰਿਕ ਟਨ ਝੋਨਾ ਆੜਤੀਆਂ ਵੱਲੋਂ ਖਰੀਦੀਆ ਗਿਆ ਹੈ। 13 ਅਕਤੂਬਰ ਨੂੰ 4,726 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ, ਜਿਸ ਵਿੱਚੋਂ 4,698 ਮੀਟਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਤੇ 28 ਮੀਟਰਿਕ ਟਨ ਝੋਨਾ ਆੜਤੀਆਂ ਵੱਲੋਂ ਖਰੀਦੀਆ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਲਿਫਟਿੰਗ 35,616 ਮੀਟਰਿਕ ਟਨ ਝੋਨੇ ਦੀ ਹੋ ਚੁੱਕੀ ਹੈ, ਜਿਸ ਵਿੱਚੋਂ 4,314 ਮੀਟਰਿਕ ਟਨ ਝੋਨਾ 13 ਅਕਤੂਬਰ ਨੂੰ ਹੀ ਚੁੱਕਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਸਮੇਂ-ਸਿਰ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਸਮੇਂ ਤੱਕ 82.07 ਕਰੋੜ ਰੁਪਏ ਦੀ ਅਦਾਇਗੀ ਬਣਦੀ ਸੀ, ਜਦਕਿ ਹੁਣ ਤੱਕ 96.26 ਕਰੋੜ ਰੁਪਏ (117 ਫ਼ੀਸਦੀ) ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ, ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਲਿਆਂਦੇ ਗਏ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਖਰੀਦ ਵਿੱਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਦੇ ਦਰਵਾਜ਼ੇ ‘ਤੇ ਝੋਨੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ ਤੇ ਸਿਰਫ਼ ਸੁੱਕਾ ਝੋਨੇ ਨੂੰ ਹੀ ਅੰਦਰ ਆਉਣ ਦਿੱਤਾ ਜਾਵੇ ਤਾਂ ਜੋ ਮੰਡੀ ਵਿੱਚ ਭੀੜ ਜਾਂ ਕਿਸਾਨਾਂ ਨੂੰ ਅਸੁਵਿਧਾ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਬਿਨਾ ਰੁਕਾਵਟ ਅਤੇ ਪਾਰਦਰਸ਼ੀ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਸਾਰੇ ਭਾਈਵਾਲਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।