Close

One-day training on diagnostic and equipment kits organized at Civil Hospital Rupnagar

Publish Date : 27/10/2025
One-day training on diagnostic and equipment kits organized at Civil Hospital Rupnagar

ਸਿਵਲ ਹਸਪਤਾਲ ਰੂਪਨਗਰ ਵਿਖੇ ਡਾਇਗਨੋਸਟਿਕ ਤੇ ਉਪਕਰਣ ਕਿੱਟ ਸਬੰਧੀ ਇਕ ਰੋਜ਼ਾ ਟ੍ਰੇਨਿੰਗ ਦਾ ਕੀਤਾ ਗਿਆ ਆਯੋਜਨ

ਰੂਪਨਗਰ, 27 ਅਕਤੂਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਸਿਹਤ ਪ੍ਰਣਾਲੀ ਨੂੰ ਹੋਰ ਸਮਰੱਥ, ਪ੍ਰਭਾਵਸ਼ਾਲੀ ਅਤੇ ਲੋਕ-ਸਹੂਲਤਾਂ ਪ੍ਰਦਾਨ ਕਰਨ ਯੋਗ ਬਣਾਉਣ ਦੇ ਉਦੇਸ਼ ਨਾਲ ਆਯੁਸ਼ਮਾਨ ਆਰੋਗਿਆ ਕੇਂਦਰ ਪ੍ਰੋਗਰਾਮ ਅਧੀਨ ਕਮਿਊਨਿਟੀ ਹੈਲਥ ਅਫ਼ਸਰਜ਼ ਅਤੇ ਮਲਟੀਪਰਪਜ (ਪੁਰਸ਼/ਇਸਤਰੀ) ਲਈ ਡਾਇਗਨੋਸਟਿਕ ਅਤੇ ਉਪਕਰਣ ਕਿੱਟ ਦੀ ਵਰਤੋਂ ਅਤੇ ਪ੍ਰਬੰਧਨ ਸਬੰਧੀ ਟ੍ਰੇਨਿੰਗ ਦਾ ਆਯੋਜਨ ਸਿਵਲ ਸਰਜਨ ਦਫ਼ਤਰ ਰੂਪਨਗਰ ਵਿੱਚ ਕੀਤਾ ਗਿਆ।

ਇਹ ਟ੍ਰੇਨਿੰਗ ਜ਼ਿਲ੍ਹੇ ਦੇ ਸਾਰੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ ਤਾਂ ਜੋ ਸਮੁਦਾਇਕ ਪੱਧਰ ’ਤੇ ਬਿਮਾਰੀਆਂ ਦੀ ਸ਼ੁਰੂਆਤੀ ਪਹਿਚਾਣ ਅਤੇ ਸਹੀ ਇਲਾਜ ਸੰਭਵ ਹੋ ਸਕੇ।

ਟ੍ਰੇਨਿੰਗ ਦੌਰਾਨ ਬਲੱਡ ਟਰਾਂਸਫਿਊਜਨ ਡਾ. ਭਵਲੀਨ ਕੌਰ ਵੱਲੋਂ ਡਾਇਗਨੋਸਟਿਕ ਕਿੱਟ ਵਿੱਚ ਸ਼ਾਮਲ ਸਾਜੋ-ਸਾਮਾਨ ਜਿਵੇਂ ਕਿ ਬੀਪੀ ਅਪਰਟਸ, ਗਲੂਕੋਮੀਟਰ, ਨੇਬੂਲਾਈਜ਼ਰ, ਥਰਮੋਮੀਟਰ, ਪਲਸ ਆਕਸੀਮੀਟਰ, ਹੈਮੋਗਲੋਬਿਨ ਟੈਸਟਿੰਗ ਸੈੱਟ, ਯੂਰੀਨ ਟੈਸਟ ਸਟ੍ਰਿਪ, ਐਚ ਆਈ ਵੀ/ਸਿਫਿਲਿਸ ਟੈਸਟਿੰਗ ਕਿੱਟ, ਤਾਕਤ/ ਮਾਪਤੋਲ ਸੰਦ ਆਦਿ ਦੀ ਸਹੀ ਵਰਤੋਂ, ਸੁਰੱਖਿਆ ਅਤੇ ਸਟੋਰ ਕਰਨ ਦੇ ਤਰੀਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਇਹ ਵੀ ਸਿਖਾਇਆ ਗਿਆ ਕਿ ਕਿਵੇਂ ਮਰੀਜ਼ ਦੀ ਪ੍ਰਾਰੰਭਿਕ ਜਾਂਚ, ਰੋਗ ਦੀ ਪਛਾਣ ਅਤੇ ਲੋੜ ਅਨੁਸਾਰ ਰੈਫ਼ਰਲ ਪ੍ਰਕਿਰਿਆ ਨੂੰ ਸਮੇਂ ਸਿਰ ਅਤੇ ਸਹੀ ਢੰਗ ਨਾਲ ਨਿਭਾਇਆ ਜਾਵੇ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਨੇ ਇਸ ਮੌਕੇ ਕਿਹਾ ਕਿ ਆਯੁਸ਼ਮਾਨ ਆਰੋਗਿਆ ਕੇਂਦਰ, ਪ੍ਰਾਇਮਰੀ ਹੈਲਥਕੇਅਰ ਨੂੰ ਮਜ਼ਬੂਤ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਅਤੇ ਸ਼ਹਿਰੀ ਪੱਧਰ ’ਤੇ ਮੁੱਢਲੀਆਂ ਸਿਹਤ ਸਹੂਲਤਾਂ ਲੋਕਾਂ ਦੇ ਬਿਲਕੁਲ ਨੇੜੇ ਉਪਲਬਧ ਕਰਵਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ ਅਤੇ ਇਸ ਮਿਸ਼ਨ ਦੇ ਜ਼ਮੀਨੀ ਰੂਪ ਵਿੱਚ ਕਿਰਿਆਨਵਿਨ ਹਨ। ਉਨ੍ਹਾਂ ਨੇ ਕਿਹਾ ਕਿ ਡਾਇਗਨੋਸਟਿਕ ਕਿਟ ਦੀ ਪ੍ਰਭਾਵਸ਼ਾਲੀ ਵਰਤੋਂ ਨਾਲ ਸਿਰਫ਼ ਮਰੀਜ਼ਾਂ ਦੇ ਸਮੇਂ ਅਤੇ ਧਨ ਦੀ ਬਚਤ ਹੀ ਨਹੀਂ ਹੋਵੇਗੀ, ਸਗੋਂ ਬਿਮਾਰੀਆਂ ਦੀ ਅਗੇਤੀ ਪਛਾਣ ਨਾਲ ਉਨ੍ਹਾਂ ਦੇ ਗੰਭੀਰ ਰੂਪ ਵਿੱਚ ਜਾਣ ਤੋਂ ਬਚਿਆ ਜਾ ਸਕੇਗਾ।

ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੈਡਮ ਡੋਲੀ ਸਿੰਗਲਾ ਨੇ ਟ੍ਰੇਨਿੰਗ ਦੌਰਾਨ ਕਿਹਾ ਕਿ ਇਹ ਟ੍ਰੇਨਿੰਗ ਕੇਵਲ ਉਪਕਰਣਾਂ ਦੀ ਵਰਤੋਂ ਤੱਕ ਸੀਮਿਤ ਨਹੀਂ, ਬਲਕਿ ਇਹ ਸੀਐਚ ਓਜ ਅਤੇ ਐਮਪੀ ਐਚ ਡਬਲਯੂਜ ਦੇ ਕਲੀਨਿਕਲ ਸਕਿਲ ਅਤੇ ਰਿਕਾਰਡ ਰੱਖਣ ਦੀ ਯੋਗਤਾ ਨੂੰ ਵੀ ਮਜ਼ਬੂਤ ਬਣਾਉਂਦੀ ਹੈ।ਉਨ੍ਹਾਂ ਨੇ ਰੁਟੀਨ ਏਐਨਸੀ/ ਪੀਐਨਸੀ ਜਾਂਚਾਂ, ਐਨਸੀਡੀ ਸਕ੍ਰੀਨਿੰਗ, ਮਾਤਾ-ਬੱਚਾ ਸਿਹਤ ਸੇਵਾਵਾਂ, ਦਿਨ-ਚਰੀਆ ਬਿਮਾਰੀਆਂ ਦੇ ਇਲਾਜ ਅਤੇ ਸਿਹਤ ਜਾਗਰੂਕਤਾ ਪ੍ਰਚਾਰ ਵਿੱਚ ਡਾਇਗਨੋਸਟਿਕ ਸੰਦਾਂ ਦੀ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਟ੍ਰੇਨਿੰਗ ਵਿੱਚ ਡਾਟਾ ਰਿਕਾਰਡਿੰਗ, ਹਿਸਾਬ-ਕਿਤਾਬ, ਮਰੀਜ਼ ਰਜਿਸਟਰ ਰੱਖਣ, ਆਭਾ ਆਈਡੀ ਬਣਾਉਣ ਅਤੇ (ਏਬੀਡੀਐਮ) ਪੋਰਟਲ ’ਤੇ ਡਿਜ਼ੀਟਲ ਐੰਟਰੀ ਦੇ ਸੰਬੰਧ ਵਿੱਚ ਵੀ ਪ੍ਰੇਕਟੀਕਲ ਸੈਸ਼ਨ ਕਰਵਾਇਆ ਗਿਆ ਤਾਂ ਕਿ ਜ਼ਮੀਨੀ ਪੱਧਰ ’ਤੇ ਸੇਵਾਵਾਂ ਨਾਲ-ਨਾਲ ਡਿਜ਼ੀਟਲ ਸਿਹਤ ਪ੍ਰਣਾਲੀ ਨੂੰ ਵੀ ਲਾਗੂ ਕੀਤਾ ਜਾ ਸਕੇ।

ਟ੍ਰੇਨਿੰਗ ਦੇ ਅੰਤ ਵਿੱਚ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਸਾਰੇ ਭਾਗੀਦਾਰ ਨੂੰ ਟ੍ਰੇਨਿੰਗ ਸਫਲਤਾ ਪੂਰਵਕ ਪੂਰੀ ਕਰਨ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਰਜਨੀਤ ਬੈਂਸ, ਜ਼ਿਲ੍ਹਾ ਸਮੂਹ ਸਿੱਖਿਆ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਵੱਖ-ਵੱਖ ਬਲਾਕਾਂ ਤੋਂ ਆਏ ਸੀਐਚਓਜ ਮਲਟੀਪਰਪਜ ਹੈਲਥ ਵਰਕਰ (ਮੇਲ/ ਫੀਮੇਲ) ਹਾਜ਼ਰ ਸਨ।