On the occasion of World AIDS Day, Civil Surgeon of Rupnagar district Dr. Sukhwinderjit Singh appealed to the general public to be aware.
ਵਿਸ਼ਵ ਏਡਜ਼ ਦਿਵਸ ਮੌਕੇ ਰੂਪਨਗਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਕੀਤੀ ਅਪੀਲ
ਰੂਪਨਗਰ, 1 ਦਸੰਬਰ: ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਰੂਪਨਗਰ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਐਚਆਈਵੀ/ਏਡਜ਼ ਰੋਕਥਾਮ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਅਤੇ ਸਮਾਜ ਨੂੰ ਇਸ ਬਿਮਾਰੀ ਨਾਲ ਸਬੰਧਤ ਭਰਮ ਦੂਰ ਕਰਨ ਦੀ ਅਪੀਲ ਕੀਤੀ।
ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਮੁੱਢਲੇ ਪੱਧਰ ‘ਤੇ ਪਛਾਣ, ਇਲਾਜ ਦੀ ਲਗਾਤਾਰਤਾ ਅਤੇ ਭੇਦਭਾਵ-ਰਹਿਤ ਵਾਤਾਵਰਣ ਹੀ ਐਚ.ਆਈ.ਵੀ/ਏਡਜ਼ ਦੇ ਖ਼ਿਲਾਫ਼ ਲੜਾਈ ਦੇ ਸਭ ਤੋਂ ਮਜ਼ਬੂਤ ਹਥਿਆਰ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਏਡਜ਼ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਅਜੇ ਵੀ ਕਈ ਲੋਕ ਡਰ, ਝਿਜਕ ਅਤੇ ਸਮਾਜਿਕ ਦਬਾਅ ਕਾਰਨ ਟੈਸਟ ਨਹੀਂ ਕਰਵਾਉਂਦੇ, ਜੋ ਕਿ ਸਿਹਤ ਲਈ ਖ਼ਤਰਨਾਕ ਗੱਲ ਹੈ।
ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਆਈਸੀਟੀਸੀ ਕੇਂਦਰ, ਆਰਟ ਸੈਂਟਰ ਅਤੇ ਵੱਖ-ਵੱਖ ਆਊਟਰੀਚ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਮੁਫ਼ਤ ਟੈਸਟਿੰਗ, ਕੌਂਸਲਿੰਗ ਅਤੇ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਸਿਵਲ ਸਰਜਨ ਰੂਪਨਗਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਵੀਂ ਦਵਾਈਆਂ ਅਤੇ ਵਿਸ਼ੇਸ਼ ਸਿਹਤ ਸੇਵਾਵਾਂ ਕਾਰਨ ਹੁਣ ਐਚ.ਆਈ.ਵੀ. ਪੀੜਤ ਵਿਅਕਤੀ ਪੂਰੀ ਤਰ੍ਹਾਂ ਨਾਰਮਲ, ਸਿਹਤਮੰਦ ਅਤੇ ਲੰਬੀ ਉਮਰ ਵਾਲੀ ਜ਼ਿੰਦਗੀ ਜੀ ਸਕਦੇ ਹਨ—ਬਸ ਇਲਾਜ ਨਿਰੰਤਰ ਜਾਰੀ ਰੱਖਣਾ ਲਾਜ਼ਮੀ ਹੈ।
ਡਾ. ਸੁਖਵਿੰਦਰਜੀਤ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਕਿ ਸੁਰੱਖਿਅਤ ਸੈਕਸ, ਸੂਈਆਂ/ਸਰਿੰਜਾਂ ਦੀ ਸਾਂਝ ਨਾ ਕਰਨਾ, ਅਤੇ ਸਿਹਤ ਸੇਵਾਵਾਂ ਦੀ ਸੁਚੇਤੀ ਵਰਤੋਂ ਨਾਲ ਐਚ.ਆਈ.ਵੀ. ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਸ ਸੰਬਧੀ ਸ਼ੱਕ ਹੈ ਕਿ ਉਹ ਵਾਇਰਸ ਦੇ ਸੰਪਰਕ ਵਿਚ ਆਇਆ ਹੈ ਤਾਂ ਤੁਰੰਤ ਮੁਫ਼ਤ ਐਚਆਈਵੀ ਟੈਸਟ ਕਰਵਾਏ।
ਡਾ. ਪੁਨੀਤ ਸੈਣੀ ਅਤੇ ਅਨੁਰਾਧਾ ਆਈਸੀਟੀਸੀ ਕੌਂਸਲਰ ਨੇ ਦੱਸਿਆ ਕਿ ਐਚਆਈਵੀ ਨਾਲ ਜੀਊਣ ਵਾਲੇ ਲੋਕਾਂ ਨਾਲ ਭੇਦਭਾਵ ਨਾ ਕੀਤਾ ਜਾਵੇ, ਉਹ ਵੀ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇੱਜ਼ਤ ਨਾਲ ਜੀਣ ਦਾ ਹੱਕ ਰੱਖਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਵਿਸ਼ਵ ਏਡਜ਼ ਦਿਵਸ ਥੀਮ “ਸਮੂਹਿਕ ਭਾਗੀਦਾਰੀ – ਏਡਜ਼ ਮੁਕਤ ਸਮਾਜ ਵੱਲ” ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਰਕਾਰੀ ਵਿਭਾਗਾਂ, ਨੌਜਵਾਨਾਂ, ਸਿੱਖਿਆ ਸੰਸਥਾਂਵਾਂ ਅਤੇ ਸਮਾਜਿਕ ਸੰਗਠਨਾਂ ਨੂੰ ਇਕੱਠੇ ਹੋ ਕੇ ਹੀ ਇਹ ਮਿਸ਼ਨ ਸਫਲ ਹੋ ਸਕਦਾ ਹੈ।
ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਰਵਿੰਦਰ ਸਿੰਘ ਨੇ ਸਿਹਤ ਵਿਭਾਗ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਜਾਗਰੂਕਤਾ ਰੈਲੀਆਂ, ਹੈਲਥ ਕੈਂਪ, ਅਤੇ ਇੰਟਰੈਕਟਿਵ ਸੈਸ਼ਨ ਕਰਵਾਏ ਜਾ ਰਹੇ ਹਨ ਤਾਂ ਜੋ ਹੋਰ ਤੋਂ ਹੋਰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ।
ਮੈਡੀਕਲ ਅਫਸਰ ਇੰਚਾਰਜ ਏ ਆਰਟੀ ਸੈਂਟਰ ਡਾ. ਕੰਵਲਜੀਤ ਨੇ ਕਿਹਾ ਕਿ “ਏਡਜ਼ ਤੋਂ ਡਰੋ ਨਹੀਂ, ਇਸ ਬਾਰੇ ਜਾਣੋ। ਟੈਸਟ ਕਰਵਾਉਣਾ ਅਤੇ ਇਲਾਜ ਲੈਣਾ ਹੀ ਸਿਹਤਮੰਦ ਭਵਿੱਖ ਦੀ ਕੁੰਜੀ ਹੈ।”
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਅਤੇ ਨੋਡਲ ਆਫਿਸਰ ਆਈਸੀਟੀਸੀ ਸੈਂਟਰ ਡਾ. ਹਰਲੀਨ ਕੌਰ ਨੇ ਵੀ ਵਿਸ਼ਵ ਏਡਜ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਅਨੁਰਾਧਾ ਕੌਂਸਲਰ ਆਈਸੀਟੀਸੀ, ਸ਼ੋਭਾ ਐਸ ਐਸ ਕੇ, ਹਰਪ੍ਰੀਤ ਐਸਐਸਕੇ, ਅਮਨ ਜੇਲ ਪੀਸੀ ਅਤੇ ਸੰਜੇ ਕੌਂਸਲਰ ਏਆਰਟੀ ਹਾਜਰ ਸਨ।