On the occasion of International Women’s Day, a discussion was held at Civil Hospital Rupnagar on the need to give high priority to the health, nutrition and welfare of women.

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਮਹਿਲਾਵਾਂ ਦੀ ਸਿਹਤ, ਪੋਸ਼ਣ ਅਤੇ ਭਲਾਈ ਨੂੰ ਉੱਚ ਤਰਜੀਹ ਦੇਣ ਦੀ ਲੋੜ ‘ਤੇ ਚਰਚਾ ਕੀਤੀ
ਰੂਪਨਗਰ, 8 ਮਾਰਚ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਿਹਤ ਵਿਭਾਗ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਅਧੀਨ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਹਿਲਾਵਾਂ ਦੀ ਸਿਹਤ, ਪੋਸ਼ਣ ਅਤੇ ਭਲਾਈ ਨੂੰ ਉੱਚ ਤਰਜੀਹ ਦੇਣ ਦੀ ਲੋੜ ‘ਤੇ ਚਰਚਾ ਕੀਤੀ ਗਈ। ਇਸ ਸੈਮੀਨਾਰ ਵਿੱਚ ਡਾਕਟਰਾਂ, ਸਟਾਫ ਨਰਸਾਂ, ਏ.ਐਨ.ਐਮਜ਼ ਅਤੇ ਨਰਸਿੰਗ ਵਿਦਿਆਰਥਣਾ ਨੇ ਭਾਗ ਲਿਆ।
ਇਸ ਮੌਕੇ ਸੰਬੋਧਨ ਕਰਦੇ ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਇੱਕ ਗੰਭੀਰ ਵਿਸ਼ਾ ਹੈ ਜੋ ਕਿ ਨਾ ਸਿਰਫ ਉਨ੍ਹਾਂ ਦੀ ਨਿੱਜੀ ਭਲਾਈ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਨਾਲ ਜੁੜਿਆ ਹੋਇਆ ਹੈ। ਅੱਜ ਵੀ ਕਈ ਥਾਵਾਂ ‘ਤੇ ਮਹਿਲਾਵਾਂ ਨੂੰ ਉਚਿਤ ਪੋਸ਼ਣ, ਚਿਕਿਤਸਾ ਅਤੇ ਸਿਹਤ ਸੇਵਾਵਾਂ ਨਹੀਂ ਮਿਲਦੀਆਂ ਜਿਸ ਕਰਕੇ ਉਹ ਅਨੇਕਾਂ ਤਕਲੀਫਾਂ ਦਾ ਸ਼ਿਕਾਰ ਹੁੰਦੀਆਂ ਹਨ।
ਇਸ ਮੌਕੇ ਉਨ੍ਹਾਂ ਮਹਿਲਾਵਾਂ ਦੀ ਸਿਹਤ ਸੰਬੰਧੀ ਬੋਧ ਵਧਾਉਣ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਮਹਿਲਾਵਾਂ ਦੀ ਸਿਹਤ ਸੇਵਾਵਾਂ ਦੀ ਸੁਧਾਰ ਲਈ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਨੇ ਕਿਹਾ ਕਿ “ਇੱਕ ਤੰਦਰੁਸਤ ਮਹਿਲਾ ਹੀ ਇੱਕ ਤੰਦਰੁਸਤ ਪਰਿਵਾਰ ਅਤੇ ਸਮਾਜ ਦੀ ਨੀਂਹ ਰੱਖਦੀ ਹੈ। ਇਸ ਲਈ ਸਾਨੂੰ ਮਹਿਲਾਵਾਂ ਦੀ ਸਿਹਤ ਦੀ ਪੂਰੀ ਦੇਖਭਾਲ ਕਰਨੀ ਚਾਹੀਦੀ ਹੈ।”
ਇਸ ਮੌਕੇ ਸਿਹਤ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਦੇਣ ਬਦਲੇ ਮਹਿਲਾ ਡਾਕਟਰਾਂ, ਨਰਸਾਂ,ਏ.ਐਨ.ਐਮਜ, ਫਾਰਮੇਸੀ ਅਫਸਰਾਂ, ਆਸ਼ਾ ਵਰਕਰਜ ਅਤੇ ਹੋਰ ਪੈਰਾਮੈਡੀਕਲ ਸਟਾਫ ਨੂੰ ਸਿਵਲ ਸਰਜਨ ਰੂਪਨਗਰ ਵੱਲੋਂ ਸਨਮਾਨ ਚਿੰਨ ਵੀ ਦਿੱਤੇ ਗਏ।
ਇਸ ਮੌਕੇ ਡਾ. ਸੁਰਿੰਦਰ ਕੌਰ, ਡਾ. ਭਵਲੀਨ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰਿਤੂ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਆਦਿ ਹਾਜ਼ਰ ਸਨ।