No deficiency should be left in spraying to control diseases caused by mosquitoes: Deputy Commissioner
ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਸਪਰੇਅ ਕਰਨ ਚ ਕੋਈ ਕਮੀਂ ਨਾ ਛੱਡੀ ਜਾਵੇ: ਡਿਪਟੀ ਕਮਿਸ਼ਨਰ
ਕਾਰਜ ਸਾਧਕ ਅਫ਼ਸਰਾਂ, ਬੀ ਡੀ ਓ ਤੇ ਐਸ ਐਮ ਓ ਨੂੰ ਸੰਯੁਕਤ ਰੂਪ ਚ ਮੁਹਿੰਮ ਚਲਾਉਣ ਦੇ ਆਦੇਸ਼
ਮਾਨਸੂਨ ਦੌਰਾਨ ਜਾਗਰੂਕਤਾ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ
ਰੂਪਨਗਰ, 23 ਅਗਸਤ: ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿਚ ਕੋਈ ਕਮੀਂ ਨਾ ਛੱਡੀ ਜਾਵੇ ਅਤੇ ਜਿਸ ਲਈ ਜ਼ਿਲ੍ਹੇ ਦੇ ਹਰ ਖੇਤਰ ਜਿੱਥੇ ਡੇਂਗੂ ਦਾ ਇਕ ਵੀ ਮਾਮਲਾ ਸਾਹਮਣੇ ਆਉਣਾ ਹੈ ਉਸ ਜਗਹ ਵਿਸ਼ੇਸ਼ ਰੂਪ ਵਿਚ ਮੱਛਰਾਂ ਦੀ ਅੱਗੇ ਪੈਦਾਵਾਰ ਰੋਕਣ ਲਈ ਸਪਰੇਅ ਕੀਤਾ ਜਾਵੇ ਅਤੇ ਇਲਾਕਾ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨੈਸ਼ਨਲ ਵੈਕਟਰ ਬੋਰਨ ਡਾਈਜ਼ੀਜ਼ ਕੰਟਰੋਲ ਪ੍ਰੋਗਰਾਮ ਦੀ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਭਾਵੇਂ ਪਿਛਲੇ ਸਾਲ ਦੇ ਅਗਸਤ ਮਹੀਨੇ ਤਕ 80 ਡੇਂਗੂ ਦੇ ਮਾਮਲਿਆਂ ਦੇ ਮੁਕਾਬਲੇ ਇਸ ਵਾਰ 19 ਮਾਮਲੇ ਸਾਹਮਣੇ ਆਏ ਹਨ ਫਿਰ ਵੀ ਡੇਂਗੂ ਤੋਂ ਬਚਾਅ ਲਈ ਕੀਤੇ ਜਾਂਦੇ ਪ੍ਰਬੰਧਾਂ ਵਿਚ ਕੋਈ ਕਮੀਂ ਨਾ ਛੱਡੀ ਜਾਵੇ।
ਉਨ੍ਹਾਂ ਕਿਹਾ ਕਿ ਭਰਤਗੜ੍ਹ ਦੇ ਦਿਹਾਤੀ ਇਲਾਕੇ ਵਿਚ 13, ਨੁਰਪੁਰਬੇਦੀ ਵਿਚ 2 ਤੇ ਚਮਕੌਰ ਸਾਹਿਬ ਵਿੱਚ 1 ਡੇਂਗੂ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ 3 ਮਾਮਲੇ ਰੂਪਨਗਰ ਦੇ ਸ਼ਹਿਰੀ ਇਲਾਕੇ ਵਿਚ ਦਰਜ ਕੀਤੇ ਗਏ ਹਨ। ਬੀ ਡੀ ਓਜ਼ ਅਤੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਸਰਕਾਰੀ ਦਫਤਰਾਂ, ਦੁਕਾਨਾਂ ਅਤੇ ਉਦਯੋਗਾਂ ਆਦਿ ਦੀ ਵੀ ਚੈਕਿੰਗ ਕੀਤੀ ਜਾਵੇ ਅਤੇ ਜਿਥੇ ਵੀ ਮੱਛਰਾਂ ਦੀ ਪੈਦਾਵਾਰ ਪਾਈ ਜਾਂਦੀ ਹੈ ਓਥੇ ਚਲਾਨ ਕੀਤੇ ਜਾਣ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਵਿਭਾਗ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਖੜ੍ਹੇ ਪਾਣੀ ਦੇ ਸਰੋਤਾਂ ਵਿੱਚ ਲਾਰਵੇ ਦੇ ਖਾਤਮੇ ਲਈ ਚੌਕਸ ਹਨ ਅਤੇ ਲੋਕਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਲਾਰਵੀਸਾਈਡ ਸਪਰੇਅ ਅਤੇ ਫੌਗਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੱਛਰ ਭਜਾਊ ਕਰੀਮਾਂ, ਕਲੋਰੀਨ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।
ਐਪਾਡਮੋਲਿਜਿਸਟ ਡਾ. ਪ੍ਰਭਲੀਨ ਕੌਰ ਨੇ ਦੱਸਿਆ ਕਿ ਹੜ੍ਹਾਂ ਵਰਗੀ ਸਥਿਤੀ ਕਾਰਨ ਪ੍ਰਭਾਵਿਤ ਥਾਂਵਾਂ ਉਤੇ ਅਤੇ ਘਰਾਂ ਵਿੱਚ ਪਏ ਟੁਟੇ ਫੁੱਟੇ ਬਰਤਨਾਂ ਵਿੱਚ ਪਾਣੀ ਇੱਕਠਾ ਅਤੇ ਹਵਾ ਵਿੱਚ ਨਮੀ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਨ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਦਾ ਵਧਣਾ ਲਾਜਮੀ ਹੈ। ਜਿਸ ਲਈ ਮਾਨਸੂਨ ਦੌਰਾਨ ਕੇਵਲ ਜਾਗਰੂਕਤਾ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਹੈ ਅਤੇ ਜਿਥੇ ਵੀ ਪਾਣੀ ਖੜ੍ਹਦਾ ਹੈ ਉਸ ਜਗ੍ਹਾ ਸਪਰੇਅ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਬੱਚੇ ਅਹਿਮ ਰੋਲ ਅਦਾ ਕਰ ਸਕਦੇ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਮੱਛਰਾਂ ਦੀ ਬਿਮਾਰੀਆਂ ਤੋਂ ਬਚਣ ਦੇ ਉਪਾਅ ਸਮੇਤ ਪੈਦਾਵਾਰ ਨੂੰ ਰੋਕਣ ਬਾਰੇ ਵਿਸਤਾਰ ਨਾਲ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਨਦੀਪ ਸਿੰਘ ਗੁਜਰਾਲ, ਮੁੱਖ ਮੰਤਰੀ ਫੀਲਡ ਅਫ਼ਸਰ, ਸ਼੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ, ਡੀ.ਐਸ.ਪੀ ਹੈਡਕੁਆਟਰ ਗੁਰਮੀਤ ਸਿੰਘ, ਬੀ.ਡੀ.ਪੀ.ਓ ਮੋਰਿੰਡਾ ਹਰਿੰਦਰ ਕੌਰ, ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਸ ਹਰਕੀਤ ਸਿੰਘ, ਬੀ.ਡੀ.ਪੀ.ਓ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀਮਤੀ ਇਸ਼ਾਨ ਚੌਧਰੀ ਅਤੇ ਸਿਹਤ ਵਿਭਾਗ ਅਤੇ ਹੋਰ ਸੰਬਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।