Close

NDRF teams will conduct flood prevention exercise at Sutlej river

Publish Date : 05/12/2022
NDRF teams will conduct flood prevention exercise at Sutlej river

ਐਨ ਡੀ ਆਰ ਐਫ ਦੀਆਂ ਟੀਮਾਂ ਹੜ੍ਹਾਂ ਤੋਂ ਬਚਾਅ ਲਈ ਸਤਲੁੱਜ ਦਰਿਆ ਵਿਖੇ ਕਰਨਗੀਆਂ ਅਭਿਆਸ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਐਨ ਡੀ ਆਰ ਐਫ ਦੀਆਂ ਟੀਮਾਂ ਹੜ੍ਹਾਂ ਤੋਂ ਬਚਾਅ ਲਈ ਸਤਲੁੱਜ ਦਰਿਆ ਵਿਖੇ ਕਰਨਗੀਆਂ ਅਭਿਆਸ

ਐਨ.ਡੀ.ਆਰ.ਐਫ. ਨਾਲ ਜਿਲ੍ਹੇ ਦੇ ਸਾਰੇ ਭਾਈਵਾਲ ਵਿਭਾਗ ਹਿੱਸਾ ਲੈਣਗੇ

ਇਲਾਕੇ ਵਿਚ ਮਾਨਸੂਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ 

ਨਾਲਾਗੜ੍ਹ ਵਿਖੇ ਐਨ ਡੀ ਆਰ ਐਫ ਦੀ ਸਭ ਤੋਂ ਨਜ਼ਦੀਕੀ ਟੀਮ ਮੌਜੂਦ

ਰੂਪਨਗਰ, 5 ਦਸੰਬਰ: ਨੈਸ਼ਨਲ ਡਾਇਜ਼ਾਜ਼ਟਰ ਰਿਸਪੋਂਸ ਫੋਰਸ (ਐਨ ਡੀ ਆਰ ਐਫ) ਦੀਆਂ ਟੀਮਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਪਿੰਡ ਕਟਲੀ ਵਿਖੇ ਦਰਿਆ ਸਤਲੁਜ ਵਿੱਚ ਹੜ੍ਹਾਂ ਨਾਲ ਹੋਣ ਵਾਲੀ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਪ੍ਰਬੰਧਾਂ ਤੇ ਬਚਾਅ ਸਬੰਧੀ ਮੌਕ-ਡਰਿਲ (ਅਭਿਆਸ) ਕਰਨਗੀਆਂ। ਇਸ ਮੌਕ ਡਰਿਲ ਵਿਚ ਐਨ.ਡੀ.ਆਰ.ਐਫ. ਨਾਲ ਜਿਲ੍ਹੇ ਦੇ ਸਾਰੇ ਭਾਈਵਾਲ ਵਿਭਾਗ ਹਿੱਸਾ ਲੈਣਗੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਐਨ ਡੀ ਆਰ ਐਫ ਵਲੋਂ ਇਸ ਅਭਿਆਸ ਨਾਲ ਵਿਭਾਗਾਂ ਨੂੰ ਕਾਫੀ ਜਾਣਕਾਰੀ ਮਿਲੇਗੀ ਕਿ ਕਿਵੇਂ ਕੁਦਰਤੀ ਆਫ਼ਤ ਸਮੇਂ ਦੌਰਾਨ ਜਾਨੀ ਮਾਲੀ ਨੁਕਸਾਨ ਨੂੰ ਕਿਵੇਂ ਰੋਕਣਾ ਹੈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਸ ਅਭਿਆਸ ਵਿਚ ਸਾਰੇ ਵਿਭਾਗ ਦਿਲਚਸਪੀ ਨਾਲ ਭਾਗ ਲੈਣ ਅਤੇ ਔਖੇ ਸਮੇਂ ਵਿੱਚ ਨਿਭਾਏ ਜਾਣ ਵਾਲੇ ਆਪਣੇ ਰੋਲ ਨੂੰ ਸਮਝਣ।

ਉਨ੍ਹਾਂ ਕਿਹਾ ਕਿ ਐਨ ਡੀ ਆਰ ਐਫ ਵਲੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਲੋੜ ਪੈਂਦੀ ਹੈ ਜਾਂ ਇਨ੍ਹਾਂ ਨੂੰ ਬਚਾਅ ਕਾਰਜਾਂ ਲਈ ਸੰਪਰਕ ਕੀਤਾ ਜਾਂਦਾ ਹੈ ਤਾਂ ਐਨ ਡੀ ਆਰ ਐਫ ਵਲੋਂ ਬਿਨ੍ਹਾਂ ਸਮਾ ਬਰਬਾਦ ਕੀਤੇ ਫੌਰੀ ਮੱਦਦ ਪਹੁੰਚਾਈ ਜਾਂਦੀ ਹੈ ਜੋ ਕਾਬਿਲੇ ਤਾਰੀਫ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੌਕ ਡਰਿਲ ਦੁਆਰਾ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਸਮੇਂ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਸਮਝਣਾ ਹੁੰਦਾ ਹੈ ਅਤੇ ਇਸ ਐਕਸਰਸਾਇਜ਼ ਨਾਲ ਜ਼ਿਲ੍ਹਾ ਪੱਧਰੀ ਪ੍ਰਬੰਧਾਂ ਅਤੇ ਬਚਾਅ ਕਰਨ ਦੀ ਅਸਲ ਸਮਰਥਾ ਦਾ ਵੀ ਪਤਾ ਲਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਕੁਦਰਤੀ ਆਫਤ ਤੋਂ ਬਾਅਦ ਰਣਨੀਤੀ ਬਣਾ ਕੇ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਮਦਦ ਲਈ ਪਹੁੰਚਦੀ ਹੈ ਅਤੇ ਸਾਰੀਆਂ ਲੋੜੀਂਦੀਆਂ ਸੇਵਾਵਾਂ ਪਹੁੰਚਾਉਂਦੀ ਹੈ।

ਅਸਿਸਟੈਂਟ ਕਮਾਂਡੈਂਟ ਐਨ ਡੀ ਆਰ ਐਫ਼ ਡੀ ਐੱਲ ਜਾਖੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਰਿਆਵਾਂ ਤੇ ਨਹਿਰਾਂ ਦੀ ਧਰਤੀ ਹੈ ਜਿੱਥੇ ਮਾਨਸੂਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ। ਜਿਲ੍ਹੇ ਰੂਪਨਗਰ ਵਿੱਚ ਹਿਮਾਚਲ ਵਿਖੇ ਭਾਖੜਾ ਬੰਨ੍ਹ ਨਾਲ ਹੋਣ ਕਰਕੇ ਹੜ੍ਹ ਆਉਣ ਦਾ ਖਤਰਾ ਹੈ ਜਿਸ ਲਈ ਐਨ ਡੀ ਆਰ ਐਫ ਵਲੋਂ ਆਯੋਜਿਤ ਅਭਿਆਸ ਦੀ ਇਥੇ ਖਾਸ ਮਹੱਤਵ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 2019 ਦੌਰਾਨ ਹੜ੍ਹ ਆਏ ਸੀ ਉਸ ਸਮੇਂ 5300 ਦੇ ਕਰੀਬ ਪੀੜਤਾਂ ਨੂੰ ਬਚਾਇਆ ਗਿਆ ਸੀ। ਸੰਯੁਕਤ ਰੂਪ ਵਿਚ ਅਭਿਆਸ ਕਰਨ ਦਾ ਵਿਸ਼ੇਸ਼ ਮੰਤਵ ਹੁੰਦਾ ਹੈ ਕਿ ਅਸੀਂ ਲੋੜ ਪੈਣ ਆਪਣਾ ਰੋਲ ਅਦਾ ਕਰ ਸਕੀਏ ਅਤੇ ਤਾਲਮੇਲ ਨਾਲ ਬੇਹਤਰ ਨਤੀਜੇ ਹਾਸਲ ਕਰ ਸਕੀਏ। ਇਸ ਦੇ ਨਾਲ ਹੀ ਆਪਣੀ ਕਮੀਆਂ ਨੂੰ ਵੀ ਸਮਝ ਸਕੀਏ।

ਉਨ੍ਹਾਂ ਦੱਸਿਆ ਕਿ ਦਰਿਆ ਦੇ ਨਾਲ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਵੀ ਦੱਸਿਆ ਜਾਵੇਗਾ ਕਿ ਬਚਾਅ ਟੀਮਾਂ ਤੋਂ ਪਹਿਲਾ ਤੱਕ ਤੁਸੀ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਸਮੇਂ ਬਿਜਲੀ ਅਤੇ ਬੀ ਐਸ ਐਨ ਐਲ ਵਿਭਾਗ ਦਾ ਵਿਸ਼ੇਸ਼ ਰੋਲ ਰਹਿੰਦਾ ਹੈ। ਇਸ ਦੇ ਨਾਲ ਹੀ ਖੁਰਾਕ ਸਪਲਾਈ, ਟਰਾਂਸਪੋਰਟ, ਸਿਹਤ ਅਤੇ ਪਸ਼ੂ ਪਾਲਣ ਵਿਭਾਗ ਆਦਿ ਦੀ ਅਹਿਮ ਭੂਮਿਕਾ ਹੁੰਦੀ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਜਿਸ ਦੁਆਰਾ ਪ੍ਰਭਾਵਿਤ ਇਲਾਕਿਆਂ ਵਿਚ ਸਹੀ ਵੱਖ-ਵੱਖ ਜਾਣਕਾਰੀ ਪਹੁੰਚਾਈ ਜਾਂਦੀ ਹੈ ਅਤੇ ਦੱਸਿਆ ਜਾਂਦਾ ਕਿ ਪ੍ਰਭਾਵਿਤ ਇਲਾਕੇ ਵਿਚ ਸਰਕਾਰ ਵਲੋਂ ਕਿ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਕੁਦਰਤੀ ਆਫਤ ਦਾ ਕੋਈ ਸਮਾਂ ਨਹੀਂ ਹੁੰਦਾ ਅਤੇ ਜਿਸ ਉਪਰੰਤ ਪਹਿਲਾ ਘੰਟਾ ਮਨੁੱਖੀ ਜਾਨਾਂ ਬਚਾਉਣਾ ਲਈ ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਮੇਂ ਵਿਚ ਜਿਲ੍ਹਾ ਡਾਇਸੈਸਟਰ ਮੈਨੇਜਮੈਂਟ ਅਥਾਰਟੀ ਡਿਪਟੀ ਕਮਿਸ਼ਨਰ ਹੁੰਦਾ ਹੈ ਅਤੇ ਰਾਸ਼ਟਰੀ ਪੱਧਰ ਉਤੇ ਡਾਇਸੈਸਟਰ ਮੈਨੇਜਮੈਂਟ ਅਥਾਰਟੀ ਪ੍ਰਧਾਨ ਮੰਤਰੀ ਹੁੰਦਾ ਹੈ। 

ਅਸਿਸਟੈਂਟ ਕਮਾਂਡੈਂਟ ਨੇ ਦੱਸਿਆ ਕਿ ਸੰਭਾਵੀ ਮੌਸਮ ਵਿਚ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ ਕੀਤੇ ਜਾਂਦੇ ਹਨ ਜਦਕਿ ਨਾਲਾਗੜ੍ਹ ਵਿਖੇ ਐਨ ਡੀ ਆਰ ਐਫ ਦੀ ਸਭ ਤੋਂ ਨਜ਼ਦੀਕੀ ਟੀਮ ਹੈ ਜੋ 20 ਕਿਲੋਮੀਟਰ ਹੈ। ਇਸੇ ਤਰ੍ਹਾਂ ਪਿੰਜੌਰ, ਲੁਧਿਆਣਾ ਤੇ ਬਠਿੰਡਾ ਵਿਖੇ ਵੀ ਐਨ ਡੀ ਆਰ ਐਫ ਦੀਆਂ ਟੀਮਾਂ ਸਥਿਤ ਹਨ।

ਜ਼ਿਕਰਯੋਗ ਹੈ ਕਿ ਐਨ.ਡੀ.ਆਰ.ਐਫ. ਦਾ ਮੁੱਖ ਮੰਤਵ ਕਿਸੇ ਹਾਦਸੇ ਦੇ ਸਮੇਂ ਉਤੇ ਘਟਨਾ ਵਾਲੀ ਈਮਾਰਤ ਜਾਂ ਥਾਂ ਵਿਖੇ ਬਚਾਅ ਮੁਹਿੰਮ ਚਲਾਉਣੀ, ਹੜਾਂ ਅਤੇ ਪਹਾੜਾਂ ਵਿਚ ਲੋਕਾਂ ਨੂੰ ਬਚਾਉਣਾ ਅਤੇ ਮੈਡੀਕਲ ਫਰਸਟ ਰਿਸਪਾਂਸ ਆਦਿ ਸੇਵਾਵਾਂ ਨੂੰ ਮਜਬੂਤ ਕਰਨਾ ਹੁੰਦਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆਵਾਂ ਸਬੰਧੀ ਐਨ.ਡੀ.ਆਰ.ਐਫ ਦੇ ਕੰਟਰੋਲ ਰੂਮ ਨੰ. 0164-2246193 ਤੇ 2246570 ਜਾਂ ਫੋਨ ਨੰ. 94658-84344 ਅਤੇ ਈ.ਮੇਲ ctrl7ndrf@gmail.com ਉੱਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ਼੍ਰੀਮਤੀ ਅਨਮਜੋਤ ਕੌਰ, ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ, ਐਸਡੀਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫਸਰ ਰੂਪਨਗਰ ਸ. ਗੁਰਦੇਵ ਸਿੰਘ ਧੰਮ, ਡੀਐਸਪੀ ਸ. ਗੁਰਮੀਤ ਸਿੰਘ, ਐਨ.ਡੀ.ਆਰ.ਐੱਫ ਤੋਂ ਇੰਸਪੈਕਟਰ ਸ. ਬਲਜੀਤ ਸਿੰਘ ਸੁੱਧ, ਇੰਸਪੈਕਟਰ ਸ. ਜਸਵੰਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।