Mini kits of winter vegetable seeds available for consumers – Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਖਪਤਕਾਰਾਂ ਲਈ ਉਪਲੱਬਧ- ਡਿਪਟੀ ਕਮਿਸ਼ਨਰ
ਲੋਕਾਂ ਨੂੰ ਘਰੇਲੂ ਬਗੀਚੀਆਂ ਵਿਚ ਜ਼ਹਿਰ ਰਹਿਤ ਸਬਜੀਆਂ ਪੈਦਾ ਕਰਨ ਦੀ ਸਲਾਹ/
ਰੂਪਨਗਰ, 19 ਸਤੰਬਰ: ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਅੱਜ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਜ਼ਿਲ੍ਹਾ ਰੂਪਨਗਰ ਲਈ ਜਾਰੀ ਕੀਤੀਆਂ ਗਈਆਂ।
ਉਨ੍ਹਾਂ ਨੇ ਕਿੱਟ ਰਿਲੀਜ਼ ਕਰਦੇ ਸਮੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ਘਰੇਲੂ ਬਗੀਚੀ ਬੀਜ ਕੇ ਆਪਣੀ ਲੋੜ ਅਨੁਸਾਰ ਜ਼ਹਿਰ ਰਹਿਤ ਸਬਜ਼ੀਆਂ ਪੈਦਾ ਕੀਤੀਆਂ ਜਾਣ ਤਾਂ ਜੋ ਮਨੁੱਖੀ ਸਰੀਰ ਤੇ ਹੁੰਦੇ ਜ਼ਹਿਰਾਂ ਦੇ ਬੁਰੇ ਪ੍ਰਭਾਵਾਂ ਤੋ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਇਹ ਜ਼ਹਿਰ ਰਹਿਤ ਸਬਜ਼ੀਆਂ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਉਥੇ ਸਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਪਹੁੰਚਾਉਂਦੀਆਂ ਹਨ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਤਾਜੀਆਂ ਅਤੇ ਜ਼ਹਿਰ ਮੁਕਤ ਸਬਜੀਆਂ ਖਾਣ ਨਾਲ ਪੋਸ਼ਟਿਕ ਤੱਤ ਪ੍ਰਾਪਤ ਹੋਣ ਕਰਕੇ ਸਰੀਰਕ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਰੂਪਨਗਰ ਸ਼੍ਰੀ ਵਿਜੈ ਪ੍ਰਤਾਪ ਵੱਲੋਂ ਦੱਸਿਆ ਗਿਆ ਕਿ ਘਰੇਲੂ ਪੱਧਰ ਤੇ ਸਬਜੀਆਂ ਵਿੱਚ ਕੀੜੇ/ਮਕੋੜੇ ਅਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਅਤੇ ਮਿੱਟੀ/ਪੌਦੇ ਵਿੱਚ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਦੀ ਬਜਾਏ ਰੂੜੀ ਖਾਦ ਅਤੇ ਗੰਡੋਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਉਪਰੰਤ ਬਾਗਬਾਨੀ ਵਿਕਾਸ ਅਫਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਨੇ ਸਬਜ਼ੀ ਬੀਜ ਕਿੱਟਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬਜੀ ਬੀਜ ਕਿੱਟ ਵਿੱਚ ਮਟਰ, ਮੇਥੀ, ਧਨੀਆਂ, ਬਰੌਕਲੀ, ਪਾਲਕ, ਚੀਨੀ ਸਰੋਂ, ਮੂਲੀ, ਸ਼ਲਗਮ ਅਤੇ ਗਾਜਰ ਦੇ ਬੀਜ ਸ਼ਾਮਿਲ ਕੀਤੇ ਗਏ ਹਨ। ਇਹ ਬੀਜ 3-4 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ। ਇਸ ਵਿੱਚ ਇੱਕ ਪਰਿਵਾਰ ਲਈ ਲਗਭਗ 200-250 ਕਿੱਲੋ ਦੇ ਕਰੀਬ ਸਬਜੀ ਪੈਦਾ ਹੋਵੇਗੀ ਜੋ ਪਰਿਵਾਰ ਦੀ ਲੋੜ ਨੂੰ ਪੂਰਾ ਕਰੇਗੀ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਸਬਜੀ ਬੀਜ ਮਿੰਨੀ ਕਿੱਟਾਂ ਜ਼ਿਲ੍ਹਾ ਬਾਗਬਾਨੀ ਦਫਤਰ ਅਤੇ ਵੱਖ-ਵੱਖ ਬਲਾਕਾਂ ਦੇ ਬਾਗਬਾਨੀ ਦਫਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇੱਕ ਸਬਜੀ ਬੀਜ ਕਿੱਟ ਦਾ ਰੇਟ 80 ਰੁਪਏ ਹੈ।/
ਇਸ ਮੌਕੇ ਤੇ ਬਾਗਬਾਨੀ ਵਿਕਾਸ ਅਫਸਰ ਸ਼੍ਰੀ ਯੁਵਰਾਜ ਅਤੇ ਬਾਗਬਾਨੀ ਉਪ ਨਿਰੀਖਕ ਸ਼੍ਰੀ ਸੁਮੇਸ਼ ਕੁਮਾਰ ਵੀ ਹਾਜ਼ਰ ਸਨ