Mera Pind Meri Shaan Campaign

Publish Date : 06/08/2018
Mera Pind Meri Shaan Campaign

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਰਕਾਰ ਨੇ ਮਿਸ਼ਨ ਸਵੱਛ ਤੇ ਤੰਦਰੁਸਤ ਪੰਜਾਬ ਅਧੀਨ ਸ਼ੁਰੂ ਕੀਤੀ ‘ ਮੇਰਾ ਪਿੰਡ ਮੇਰੀ ਸ਼ਾਨ ‘ ਮੁਹਿੰਮ: ਜਾਰੰਗਲ

ਰੂਪਨਗਰ, 04 ਅਗਸਤ:-

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਅਧੀਨ ‘ ਮੇਰਾ ਪਿੰਡ ਮੇਰੀ ਸ਼ਾਨ ‘ ਤਹਿਤ 31 ਅਗਸਤ ਤੱਕ ਵਿਸ਼ੇਸ਼ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡਾਂ ਦੇ ਲੋਕਾਂ ਨੂੰ ਸਵੱਛਤਾ ਰੱਖਣ ਲਈ ਜਾਗਰੂਕ ਕਰਕੇ ਪਿੰਡਾਂ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ। ਇਹ ਜਾਣਕਾਰੀ ਡਾ: ਸੁਮੀਤ ਜਾਰੰਗਲ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਅਧੀਨ ਪਿੰਡਾਂ ਵਿੱਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ। ਜਿੰਨਾ ਵਿਚ ਗਲੀਆਂ ਨਾਲੀਆਂ ਅਤੇ ਡਰੇਨਾਂ ਦੀ ਸਾਫ ਸਫਾਈ ਕਰਵਾਈ ਜਾਵੇਗੀ ਅਤੇ ਜਨਤਕ ਸਥਾਨਾਂ ਦੇ ਆਲੇ ਦੁਆਲੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਲੋਕਾਂ ਨੂੰ ਖੁਲ੍ਹੇ ਵਿੱਚ ਪਖਾਨੇ ਜਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਕੇ ਜ਼ਿਲ੍ਹੇ ਦੇ ਪਿੰਡਾਂ ਨੂੰ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਰੱਖਿਆ ਜਾਵੇਗਾ। ਘਰਾਂ ਵਿਚ ਠੋਸ ਕੂੜੇ ਨੁੰ ਵੱਖ ਕਰਨਾ, ਪਾਣੀ ਦੀ ਬਰਬਾਦੀ ਰੋਕਣ ਲਈ ਸਵੇਰੇ ਸਮੇਂ ਨਿਗਰਾਨੀ ਕਰਨਾ, ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਨਾ ਸ਼ਾਮਲ ਹੈ। ਉਨਾਂ ਇਹ ਵੀ ਦੱਸਿਆ ਕਿ ਬਰਸਾਤੀ ਪਾਣੀ ਦੀ ਸੁਚੱਜੀ ਸੰਭਾਲ ਲਈ ਸੋਕਪਿੱਟ ਬਣਾਏ ਜਾਣਗੇ ਤਾਂ ਜੋ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਪਿੰਡਾਂ ਵਿੱਚ 24×7 ਜਾਂ 10 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਪਾਣੀ ਦੀ ਸੁਚੱਜੀ ਵਰਤੋਂ ਤੇ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿੱਚ ਸਾਫ ਸੁਥਰੇ ਪੀਣ ਵਾਲਾ ਪਾਣੀ ਦੀ ਲਗਾਤਾਰ ਸਪਲਾਈ ਯਕੀਨੀ ਬਣਾਈ ਜਾਵੇਗੀ।

ਡਾ: ਜਾਰੰਗਲ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਭ ਤੋਂ ਸਾਫ ਸੁਥਰੇ ਪਿੰਡ ਨੂੰ 2 ਲੱਖ ਰੁਪਏ, ਜ਼ਿਲ੍ਹੇ ਦੇ ਸਭ ਤੋਂ ਵਧੀਆ ਪੇਂਡੂ ਸਿਹਤ ਸੇਵਾਵਾਂ ਵਾਲੇ ਪਿੰਡ ਨੂੰ ਇੱਕ ਲੱਖ ਰੁਪਏ, ਜ਼ਿਲ੍ਹੇ ਦੇ ਸਭ ਤੋਂ ਵੱਧ ਸਾਫ ਆਂਗਨਵਾੜੀ ਕੇਂਦਰ ਨੂੰ 50 ਹਜਾਰ ਰੁਪਏ, ਜ਼ਿਲ੍ਹੇ ਦੇ ਦਿਹਾਤੀ ਖੇਤਰ ਵਿੱਚ ਸਭ ਤੋਂ ਵੱਧ ਸਵੱਛ ਸੀਨੀਅਰ ਸੈਕੰਡਰੀ ਸਕੂਲ ਨੂੰ 1 ਲੱਖ ਰੁਪਏ, ਜ਼ਿਲ੍ਹੇ ਦੇ ਦਿਹਾਤੀ ਖੇਤਰ ਵਿੱਚ ਸਭ ਤੋਂ ਵੱਧ ਸਾਫ ਪ੍ਰਾਇਮਰੀ ਮਿਡਲ ਸਕੂਲ ਨੂੰ 50 ਹਜਾਰ ਰੁਪਏ, ਜ਼ਿਲ੍ਹੇ ‘ਚ ਪੈਂਦੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਰੋਕਣ ਲਈ ਬਲਾਕ ਪੱਧਰ ‘ਤੇ ਸਭ ਤੋਂ ਵਧੀਆ ਭੂਮਿਕਾ ਨਿਭਾਉਣ ਵਾਲੀ ਨਿਗਰਾਨ ਕਮੇਟੀ ਜਾਂ ਗਰੁੱਪ ਨੂੰ 25 ਹਜਾਰ ਰੁਪਏ ਅਤੇ ਜ਼ਿਲ੍ਹੇ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀ ਓ.ਡੀ.ਐਫ. ਨਿਗਰਾਨ ਕਮੇਟੀ ਜਾਂ ਗਰੁੱਪ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਇਸ ਸਵੱਛਤਾ ਮੁਹਿੰਮ ਵਿੱਚ ਵਲੰਟੀਅਰ ਤੇ ਸਵੱਛਤਾ ਚੈਂਪਿਅਨ ਲਈ ਵੀ ਇਨਾਮ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੈਬਸਾਈਟ www.pbdwss.gov.in ‘ਤੇ ਆਨ ਲਾਈਨ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਜੇਤੂਆਂ ਦੀ ਚੋਣ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਮੁਹਿੰਮ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਗੂਗਲ ਪਲੇਅ ਸਟੋਰ ਤੋਂ ਮੋਬਾਇਲ ਐਪ ” Swachh Punjab ’’ ਡਾਊਨਲੋਡ ਕੀਤੀ ਜਾ ਸਕਦੀ ਹੈ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਸ਼੍ਰੀ ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ, ਡਾ: ਨਿਧੀ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ, ਸ਼੍ਰੀ ਹਿੰਮਤ ਸਿੰਘ ਹੁੰਡਲ ਜ਼ਿਲ੍ਹਾ ਸਿਖਿਆ ਅਫਸਰ ਵੀ ਹਾਜ਼ਰ ਸਨ।