Close

Meeting of Rural Health and Nutrition Committee at village Pathredi Jattan

Publish Date : 05/03/2025
Meeting of Rural Health and Nutrition Committee at village Pathredi Jattan

ਪਿੰਡ ਪਥਰੇੜੀ ਜੱਟਾਂ ਵਿਖੇ ਪੇਂਡੂ ਸਿਹਤ ਅਤੇ ਪੋਸ਼ਣ ਕਮੇਟੀ ਦੀ ਬੈਠਕ

ਰੂਪਨਗਰ, 5 ਮਾਰਚ: ਆਯੁਸ਼ਮਾਨ ਅਰੋਗਿਆ ਕੇਂਦਰ ਬਾਲਸੰਡਾ ਦੇ ਪੈਰਾਮੈਡੀਕਲ ਸਟਾਫ ਵੱਲੋਂ ਪਿੰਡ ਪਥਰੇੜੀ ਜੱਟਾਂ ਵਿਖੇ ਪੇਂਡੂ ਸਿਹਤ ਅਤੇ ਪੋਸ਼ਣ ਕਮੇਟੀ ਦੀ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਸਿਹਤ, ਪੋਸ਼ਣ ਅਤੇ ਸਫਾਈ ਬਾਰੇ ਜਾਗਰੂਕ ਕਰਨਾ ਸੀ।

ਬੈਠਕ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਗਰਭਵਤੀ ਮਹਿਲਾਵਾਂ ਦੀ ਸਹੀ ਦੇਖਭਾਲ, ਬੱਚਿਆਂ ਦੀ ਟੀਕਾਕਰਨ, ਪੋਸ਼ਣ ਅਤੇ ਸਫਾਈ ਦੇ ਮਹੱਤਵ ਬਾਰੇ ਚਰਚਾ ਕੀਤੀ ਗਈ। ਇਸਦੇ ਨਾਲ ਹੀ, ਪਿੰਡ ਵਿੱਚ ਪੋਸ਼ਣ ਦੀ ਹਾਲਤ ਨੂੰ ਸੁਧਾਰਨ ਲਈ ਸਥਾਨਕ ਪੱਧਰ ‘ਤੇ ਉਪਲਬਧ ਪੋਸ਼ਟਿਕ ਆਹਾਰ ਦੀ ਪਛਾਣ ਅਤੇ ਉਨ੍ਹਾਂ ਦੇ ਪ੍ਰਚਾਰ ‘ਤੇ ਵੀ ਗੱਲਬਾਤ ਹੋਈ।

ਇਸ ਬੈਠਕ ਵਿੱਚ ਕਮਿਊਨਟੀ ਹੈਲਥ ਅਫਸਰ ਨਵਰੀਤ ਕੌਰ, ਹੇਲਥ ਵਰਕਰ ਸਚਿਨ ਸਾਹਨੀ, ਹੇਲਥ ਵਰਕਰ ਅਨੁ ਕੁਮਾਰੀ ਅਤੇ ਆਸ਼ਾ ਵਰਕਰ ਪਰਵੀਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਇਹ ਬੈਠਕ ਪਿੰਡ ਵਾਸੀਆਂ, ਖ਼ਾਸ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਲਈ ਬਹੁਤ ਲਾਭਦਾਇਕ ਰਹੀ। ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕਤਾ ਪਿੰਡ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਅਸੀਂ ਆਯੁਸ਼ਮਾਨ ਅਰੋਗਿਆ ਕੇਂਦਰ ਬਲਸਾਂਦਾ ਦੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਾਂ, ਜੋ ਪਿੰਡ ਦੀ ਭਲਾਈ ਲਈ ਇਹ ਯਤਨ ਕਰ ਰਹੇ ਹਨ।”

ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਵੀ ਇਸ ਬੈਠਕ ਦੀ ਸਰਾਹਨਾ ਕਰਦੇ ਹੋਏ ਕਿਹਾ, “ਸਿਹਤ ਅਤੇ ਪੋਸ਼ਣ ਨਾਲ ਸੰਬੰਧਿਤ ਜਾਗਰੂਕਤਾ ਹਮੇਸ਼ਾ ਇੱਕ ਮਹੱਤਵਪੂਰਨ ਕਦਮ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ ਵਿੱਚ ਇਨ੍ਹਾਂ ਮੁੱਦਿਆਂ ਤੇ ਸਮਾਜਿਕ ਚਰਚਾ ਹੋਵੇ ਤਾਂਕਿ ਹਰ ਵਰਗ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਬੱਚੇ ਅਤੇ ਬਜ਼ੁਰਗ, ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਲੈ ਸਕਣ। ਇਹ ਉਪਰਾਲਾ ਪਿੰਡ ਪਥਰੇੜੀ ਜੱਟਾਂ ਵਿੱਚ ਇੱਕ ਪਾਜ਼ਟਿਵ ਬਦਲਾਅ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗਾ।”