• Site Map
  • Accessibility Links
  • English
Close

Lifting of paddy from markets in the district begins

Publish Date : 27/09/2025
Lifting of paddy from markets in the district begins

ਜ਼ਿਲ੍ਹੇ ਵਿੱਚਲੀਆਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਸ਼ੁਰੂ

ਸਰਕਾਰੀ ਮਾਪਦੰਡਾਂ ਅਨੁਸਾਰ 17 ਪ੍ਰਤੀਸ਼ਤ ਨਮੀ ਤੱਕ ਵਾਲਾ ਝੋਨਾ ਹੀ ਮੰਡੀ ਵਿੱਚ ਲਿਆਂਦਾ ਜਾਵੇ

ਰੂਪਨਗਰ, 27 ਸਤੰਬਰ: ਖਰੀਫ਼ ਸੀਜ਼ਨ 2025-26 ਪੰਜਾਬ ਰਾਜ ਵਿੱਚ 16 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਤੇਜ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਰੂਪਨਗਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2090 ਐਮ.ਟੀ. ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ 2060 ਐਮ.ਟੀ. ਝੋਨਾ ਖਰੀਦ ਏਜੰਸੀਆਂ ਵੱਲੋਂ ਖਰੀਦਿਆ ਵੀ ਜਾ ਚੁੱਕਾ ਹੈ।

ਉਨ੍ਹਾ ਦੱਸਿਆ ਕਿ ਅੱਜ ਤੋਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਜਾਬ ਸਰਕਾਰ ਵੱਲੋਂ ਕਿਸਾਨਾ ਦੀ ਸੁਵੀਧਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਰਾਜ ਵਿੱਚ 16 ਸਤੰਬਰ 2025 ਤੋਂ 30 ਨਵੰਬਰ ਤੱਕ 2025 ਤੱਕ ਝੋਨੇ ਦੀ ਖਰੀਦ ਕੀਤੀ ਜਾਵੇਗੀ, ਜਿਸ ਨਾਲ ਮੰਡੀਆਂ ਵਿੱਚ ਝੋਨੇ ਦੀ ਫਸਲ ਸਰਕਾਰੀ ਰੇਟ ਤੇ ਵੇਚਣ ਲਈ ਕਿਸਾਨਾ ਨੂੰ ਹੋਰ ਵਧੇਰੇ ਸਮਾਂ ਮਿਲ ਜਾਵੇਗਾ।

ਉਨ੍ਹਾਂ ਦੱਸਿਆ ਕਿ ਖਰੀਫ਼ ਸੀਜ਼ਨ ਵਿੱਚ ਕਿਸਾਨਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੰਡੀਆਂ ਵਿੱਚ ਲਿਆਈ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਖਰੀਦਣ ਅਤੇ ਫ਼ਸਲ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਖਰੀਦ ਮੰਡੀ ਭਾਗੋਮਾਜਰਾ ਵਿਖੇ ਆਈਆਂ ਝੋਨੇ ਦੀਆਂ 2 ਟਰਾਲੀਆਂ ਵੱਧ ਨਮੀ ਹੋਣ ਕਾਰਨ ਮੰਡੀ ਵਿੱਚ ਦਾਖਿਲ ਨਹੀਂ ਹੋ ਸਕੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਕਿਸਾਨਾ ਦੀ ਫਸਲ ਦਾ ਇਕੱਲਾ-ਇਕੱਲਾ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਉਨ੍ਹਾ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਪੈਸੀਫਿਕੇਸ਼ਨਾਂ ਅਨੁਸਾਰ 17 ਪ੍ਰਤੀਸ਼ਤ ਨਮੀ ਤੱਕ ਵਾਲਾ ਝੋਨਾ ਹੀ ਮੰਡੀ ਵਿੱਚ ਫਸਲ ਸੁਕਾ ਕੇ ਲਿਆਂਦਾ ਜਾਵੇ ਤਾਂ ਜੋ ਫਸਲ ਦੀ ਬੋਲੀ ਸਮੇਂ ਸਿਰ ਲੱਗ ਸਕੇ ਅਤੇ ਕਿਸਾਨ ਬਿਨਾਂ ਕਿਸੇ ਦੇਰੀ ਤੋਂ ਆਪਣੀ ਫਸਲ ਦੀ ਕੀਮਤ ਵਸੂਲ ਸਕਣ।

ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ । ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਅਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ।