Last date for online registration for army recruitment extended till April 10 – District Employment Officer
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫੌਜ ਭਰਤੀ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ‘ਚ 10 ਅਪ੍ਰੈਲ ਤੱਕ ਦਾ ਵਾਧਾ – ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਰੂਪਨਗਰ, 02 ਅਪ੍ਰੈਲ: ਨੌਜਵਾਨਾਂ ਲਈ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਇੱਕ ਹੋਰ ਮੌਕਾ ਪ੍ਰਦਾਨ ਕਰਦੇ ਹੋਏ ਭਰਤੀ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਅੰਤਿਮ ਮਿਤੀ 1 ਅਪ੍ਰੈਲ ਨਿਰਧਾਰਤ ਕੀਤੀ ਗਈ ਜਿਸਨੂੰ ਵਧਾ ਕੇ 10 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਫੈਂਸਲੇ ਨਾਲ ਉਨ੍ਹਾਂ ਉਮੀਦਵਾਰਾਂ ਨੂੰ ਰਾਹਤ ਮਿਲੇਗੀ ਜੋ ਕਿਸੇ ਕਾਰਨ ਨਿਰਧਾਰਤ ਸਮਾਂ ਹੱਦ ਅੰਦਰ ਅਪਲਾਈ ਨਹੀਂ ਕਰ ਸਕੇ ਸਨ। ਇਛੁੱਕ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬ ਸਾਈਟ ਤੇ ਜਾ ਕੇ ਆਨ-ਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਭਰਤੀ ਪ੍ਰਕਿਰਿਆ ਤਹਿਤ ਆਨ-ਲਾਈਨ ਪ੍ਰੀਖਿਆ ਦਾ ਆਯੋਜਨ 1 ਜੂਨ ਨੂੰ ਕੀਤਾ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਸਮਾਂ ਰਹਿੰਦੇ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਉਮਰ ਹੱਦ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਭਰਤੀ ਲਈ ਉਮੀਦਵਾਰ ਦਾ ਜਨਮ 1 ਜੁਲਾਈ 2005 ਤੋਂ 1 ਜੁਲਾਈ 2009 ਵਿੱਚ ਹੋਣਾ ਲਾਜ਼ਮੀ ਹੈ। ਉੱਥੇ ਹੀ ਵਿੱਦਿਅਕ ਯੋਗਤਾ ਅਨੁਸਾਰ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਮਾਪ ਦੰਡ ਨਿਰਧਾਰਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਨਰਲ ਡਿਊਟੀ ਲਈ ਉਮੀਦਵਾਰ ਦਾ ਦਸਵੀਂ ਜਮਾਤ ਵਿੱਚ ਘੱਟੋ-ਘੱਟ 45 ਫੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਟੈਕਨੀਕਲ ਅਹੁਦੇ ਲਈ ਬਾਰਵੀਂ ਜਮਾਤ ਸਾਇੰਸ ਵਿਸ਼ੇ (ਪੀ.ਸੀ.ਐਮ) ਨਾਲ ਪਾਸ ਹੋਣਾ ਜ਼ਰੂਰੀ ਹੈ। ਕਲਰਕ/ਸਟੋਰ ਕੀਪਰ ਟੈਕਨੀਕਲ ਲਈ ਦਸਵੀਂ ਵਿੱਚ ਘੱਟੋ-ਘੱਟ 60 ਫੀਸਦੀ ਅੰਕ ਹੋਣੇ ਚਾਹੀਦੇ ਹਨ ਜਦਕਿ ਟ੍ਰੇਡਜ਼ਮੈਨ ਅਹੁਦੇ ਲਈ ਅੱਠਵੀਂ ਜਾਂ ਦਸਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਛੁੱਕ ਉਮੀਦਵਾਰ ਇਸ ਦੀ ਮੁਫਤ ਸਿਖਲਾਈ ਲੈਣ ਲਈ ਸੀ.ਪਾਈਟ ਕੈਂਪ, ਨੰਗਲ ਵਿਖੇ ਵਿਜ਼ਟ ਕਰ ਸਕਦੇ ਹਨ ਜਾਂ ਸੀ.ਪਾਈਟ ਕੈਂਪ, ਨੰਗਲ ਦੇ ਹੈਲਪਲਾਈਨ ਨੰਬਰ 9041558978 ਤੇ ਸੰਪਰਕ ਕੀਤਾ ਜਾ ਸਕਦਾ ਹੈ।