Close

Krishi Vigyan Kendra issues important tips for successful cultivation of popular

Publish Date : 15/01/2026
Krishi Vigyan Kendra issues important tips for successful cultivation of popular

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪਾਪੂਲਰ ਦੀ ਸਫ਼ਲ ਢੰਗ ਨਾਲ ਕਾਸ਼ਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਰੀ ਕੀਤੇ ਜ਼ਰੂਰੀ ਨੁਕਤੇ

ਰੂਪਨਗਰ, 15 ਜਨਵਰੀ: ਪਾਪੂਲਰ ਦਾ ਰੁੱਖ ਰੋਪੜ ਜ਼ਿਲ੍ਹੇ ਵਿੱਚ ਵਣਖੇਤੀ ਲਈ ਬਹੁਤ ਹੀ ਵਧੀਆ ਵਿਕਲਪ ਹੈ ਜਿਸ ਤੋਂ ਲਗਭਗ 4-5 ਸਾਲਾਂ ਵਿੱਚ ਚੰਗੀ ਆਮਦਨ ਲਈ ਜਾ ਸਕਦੀ ਹੈ। ਜਨਵਰੀ ਤੋਂ ਅੱਧ ਫ਼ਰਵਰੀ ਤੱਕ ਦਾ ਸਮਾਂ ਪਾਪੂਲਰ ਦੇ ਬੂਟੇ ਖੇਤਾਂ ਵਿੱਚ ਲਗਾਉਣ ਲਈ ਸਭ ਤੋਂ ਢੁੱਕਵਾਂ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਸਹਿਯੋਗੀ ਨਿਰਦੇਸ਼ਕ ਡਾ. ਸਤਵੀਰ ਸਿੰਘ ਨੇ ਦੱਸਿਆ ਕਿ ਪਾਪੂਲਰ ਦੀ ਕਾਸ਼ਤ ਮੈਰਾ ਤੋਂ ਰੇਤਲੀ ਮੈਰਾ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ ਪਰੰਤੂ ਚੀਕਣੀ ਜ਼ਮੀਨ ਵਿੱਚ ਪਾਪੂਲਰ ਦਾ ਵਾਧਾ ਚੰਗਾ ਨਹੀਂ ਹੁੰਦਾ। ਪਾਪੂਲਰ ਲਈ ਸਿੰਚਾਈ ਦੀ ਸਹੂਲਤ ਹੋਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਖੇਤ ਵਿੱਚ ਲਗਾਉਣ ਲਈ ਪਾਪੂਲਰ ਦੀ ਪਨੀਰੀ ਦੇ ਬੁਟੇ ਸਿਹਤਮੰਦ ਅਤੇ ਵਧੀਆਂ ਕਿਸਮ ਦੇ ਹੋਣੇ ਚਾਹੀਦੇ ਹਨ। ਬੂਟੇ ਕਿਸੇ ਭਰੋਸੇਮੰਦ ਅਦਾਰੇ ਤੋਂ ਹੀ ਲੈਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਇਹ ਬੂਟੇ ਇੱਕ ਸਾਲ ਦੀ ਪਨੀਰੀ ਤੋਂ ਤਿਆਰ ਕੀਤੇ ਗਏ ਹੋਣ ਨਾ ਕਿ ਦਰੱਖਤਾਂ ਦੀਆਂ ਟਾਹਣੀਆਂ ਤੋਂ। ਬੂਟੇ ਤਾਜ਼ੇ ਪੁੱਟੇ ਗਏ ਹੋਣ ਅਤੇ ਪਾਣੀ ਵਿੱਚ ਡੁਬੋ ਕੇ ਰੱਖੇ ਗਏ ਹੋਣ।

ਡਾ. ਸਤਵੀਰ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਪਾਪੂਲਰ ਦੀਆਂ ਕਿਸਮਾਂ ਐਲ-47, ਐਲ-48 ਅਤੇ ਪੀਐਲ-5 ਦੀ ਪਨੀਰੀ ਕਿਸਾਨਾਂ ਲਈ ਉਪਲੱਬਧ ਹੈ ਜਿਸ ਨੂੰ ਖਰੀਦਣ ਲਈ 98885-21917 ਜਾਂ 01881-317079 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਧਿਆਨ ਦੇਣ ਯੋਗ ਗੱਲ ਹੈ ਕਿ ਖੇਤ ਵਿੱਚ 8×2.5 ਮੀਟਰ (ਲਗਭਗ 26×8 ਫੁੱਟ) ਦੇ ਫਾਸਲੇ ਤੇ ਪਾਪਲਰ ਲਗਾਉਣ ਨਾਲ ਅੰਤਰਖੇਤੀ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ। ਜੇਕਰ ਅੰਤਰਖੇਤੀ ਮੱਖ ਮੰਤਵ ਨਾ ਹੋਵੇ ਤਾਂ 5×4 ਮੀਟਰ (16.5×13 ਫੁੱਟ) ਜਾਂ 4×4 ਮੀਟਰ (13×13 ਫੁੱਟ) ਤੇ ਪਾਪੂਲਰ ਦੇ ਬੂਟੇ ਲਗਾਏ ਜਾ ਸਕਦੇ ਹਨ। ਖੇਤਾਂ ਦੇ ਬੰਨ੍ਹਿਆਂ ਤੇ ਲਗਾਉਣ ਲਈ ਬੂਟੇ ਤੋਂ ਬੂਟੇ ਦਾ ਫਾਸਲਾ 2.5 ਤੋਂ 3 ਮੀਟਰ (8.2 ਤੋਂ 9.8 ਫੁੱਟ) ਰੱਖੋ। ਪਾਪੂਲਰ ਦੀਆਂ ਕਤਾਰਾਂ ਦੀ ਦਿਸ਼ਾ ਉੱਤਰ-ਦੱਖਣ ਰੱਖਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਬੂਟੇ ਦੀਆਂ ਜੜ੍ਹਾਂ ਨੂੰ ਘੱਟੋ-ਘੱਟ 48 ਘੰਟਿਆਂ ਲਈ ਚੱਲਦੇ ਤਾਜ਼ੇ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ। ਖੇਤ ਵਿੱਚ ਬੂਟੇ ਲਗਾਉਣ ਲਈ 15-25 ਸੈਂਟੀਮੀਟਰ ਵਿਆਸ ਦੇ ਅਤੇ 100 ਸੈਂਟੀਮੀਟਰ ਡੂੰਘਾਈ ਦੇ ਟੋਏ ਔਗਰ ਜਾਂ ਬੋਕੀ ਨਾਲ ਬਣਾਓ। ਬੂਟੇ ਨੂੰ ਟੋਏ ਦੇ ਵਿਚਕਾਰ ਰੱਖੋ ਅਤੇ ਟੋਏੇ ਦੀ ਉਪਰਲੀ ਮਿੱਟੀ ਵਿੱਚ 150 ਗ੍ਰਾਮ ਸਿੰਗਲ ਸੁਪਰਫਾਸਫੇਟ ਜਾਂ 50 ਗ੍ਰਾਮ ਡੀ.ਏ.ਪੀ. ਰਲ਼ਾ ਕੇ ਟੋਏ ਨੂੰ ਇਸ ਮਿਸ਼ਰਣ ਨਾਲ ਭਰੋ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਦੱਬ ਦਵੋ। ਬੂਟੇ ਖੇਤ ਵਿੱਚ ਲਗਾਉਣ ਤੋਂ ਬਾਅਦ ਤੁਰੰਤ ਪਾਣੀ ਲਗਾ ਦੇਣਾ ਚਾਹੀਦਾ ਹੈ। ਖੇਤ ਵਿੱਚ ਪਾਪੂਲਰ ਦੇ ਨਵੇਂ ਲਗਾਏ ਬੂਟਿਆਂ ਦੇ ਪੁੰਗਰਨ ਤੱਕ ਖਾਲ਼ਾਂ ਨੂੰ ਸਿੱਲਾ ਰੱਖਣਾ ਚਾਹੀਦਾ ਹੈ। ਮਾਰਚ ਤੋਂ ਜੂਨ ਦੇ ਮਹੀਨੇ ਤੱਕ 7-10 ਦਿਨਾਂ ਦੇ ਵਕਫ਼ੇ ਤੇ ਅਤੇ ਅਕਤੂਬਰ ਤੋਂ ਫ਼ਰਵਰੀ ਤੱਕ 15 ਪੰਦਰਾਂ ਦਿਨਾਂ ਦੇ ਵਕਫੇ ਤੇ ਸਿੰਚਾਈ ਕਰਨੀ ਚਾਹੀਦੀ ਹੈ।