Close

Kisan Melas play an important role in imparting new reforms in the agricultural profession – Deputy Commissioner

Publish Date : 09/04/2025
Kisan Melas play an important role in imparting new reforms in the agricultural profession - Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਕਿਸਾਨ ਮੇਲੇ ਖੇਤੀਬਾੜੀ ਦੇ ਕਿੱਤੇ ‘ਚ ਹੋ ਰਹੇ ਨਵੇਂ ਸੁਧਾਰਾਂ ਦੇ ਆਦਾਨ ਪ੍ਰਦਾਨ ਲਈ ਅਹਿਮ ਭੂਮਿਕਾ ਨਿਭਾਉਦੇ ਹਨ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਰੂਪਨਗਰ, 09 ਅਪ੍ਰੈਲ: ਖੇਤੀਬਾੜੀ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਦੀ ਰੀੜ ਦੀ ਹੱਡੀ ਹੈ ਅਤੇ ਅਜਿਹੇ ਕਿਸਾਨ ਮੇਲੇ ਖੇਤੀਬਾੜੀ ਦੇ ਕਿੱਤੇ ਵਿੱਚ ਹੋ ਰਹੇ ਨਵੇਂ ਸੁਧਾਰਾਂ ਦੇ ਆਦਾਨ ਪ੍ਰਦਾਨ ਲਈ ਅਹਿਮ ਭੂਮਿਕਾ ਨਿਭਾਉਦੇ ਹਨ। ਕਿਸਾਨਾਂ ਨੂੰ ਅਜਿਹੇ ਮੇਲਿਆਂ ਦਾ ਲਾਹਾ ਲੈਂਦਿਆਂ ਖੇਤੀ ਦੀਆਂ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਉਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਦਾਣਾ ਮੰਡੀ ਰੂਪਨਗਰ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਿਰਕਤ ਕਰਦਿਆਂ ਕੀਤਾ।

ਇਸ ਕੈਂਪ ਵਿੱਚ ਹਾਜ਼ਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਸੱਦਾ ਦਿੱਤਾ ਕਿ ਕਿਸਾਨ ਆਪਣੇ ਪੈਦਾਵਾਰ ਦੀ ਮਾਰਕੀਟਿੰਗ ਖੁਦ ਕਰਨ ਨੂੰ ਤਰਜ਼ੀਹ ਦੇਣ।

ਕਿਸਾਨਾਂ ਵੱਲੋਂ ਆਪ ਉਗਾਈਆਂ/ਬਣਾਈਆਂ ਗਈਆਂ ਵਸਤਾਂ ਦੀਆਂ ਸਟਾਲਾਂ ਦੇਖਣ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਕਿਸਾਨਾਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਉਨ੍ਹਾਂ ਅਗਲੇ ਮਹੀਨੇ ਤੋਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਨ ਦੀ ਇੱਛਾ ਜਾਹਿਰ ਕੀਤੀ।

ਇਸ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਕੰਪਨੀਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਦਾ ਕਿਸਾਨਾਂ ਵੱਲੋਂ ਭਰਪੂਰ ਲਾਹਾ ਲਿਆ ਗਿਆ।

ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਵਿਭਾਗ ਵੱਲੋਂ ਕਿਸਾਨੀ ਹਿੱਤ ਵਿੱਚ ਕੀਤੇ ਗਏ ਕੰਮਾਂ ਦੀ ਕਾਰਗੁਜ਼ਾਰੀ ਅਤੇ ਸਾਉਣੀ ਦੀਆਂ ਫਸਲਾਂ ਲਈ ਐਕਸ਼ਨ ਪਲਾਨ ਸਮੂਹ ਕਿਸਾਨਾਂ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਝੋਨੇ ਦੀ ਪੂਸਾ-44 ਅਤੇ ਹਾਈਬ੍ਰਿਡ ਕਿਸਮਾਂ ਨਾ ਬੀਜਣ ਲਈ ਵੀ ਬੇਨਤੀ ਕੀਤੀ ਗਈ।

ਕੇ.ਵੀ.ਕੇ. ਦੇ ਖੇਤੀ ਮਾਹਿਰ ਡਾ. ਉਰਸਵੀ ਸਰਮਾ, ਪੌਦ ਸੁਰੱਖਿਆ ਮਾਹਿਰ, ਡਾ. ਸੰਜੀਵ ਬਾਗਬਾਨੀ ਮਾਹਿਰ, ਡਾ. ਅੰਕੁਰ ਐਗਰੀਫੋਰੈਸਟਰੀ ਅਤੇ ਡਾ. ਅਪਰਨਾ ਪੁਸ ਪਾਲਣ ਮਾਹਿਰ ਵੱਲੋਂ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਗਈ। ਡਾ. ਸਤਬੀਰ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ ਰੂਪਨਗਰ ਵੱਲੋਂ ਆਪਣੀ ਸੰਸਥਾ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਰੁਬਰੂ ਕਰਵਾਇਆ।

ਪੰਜਾਬ ਐਗਰੋ ਦੇ ਸ੍ਰੀ ਸਤਵਿੰਦਰ ਸਿੰਘ ਜਿਲ੍ਹਾ ਸੁਪਰਵਾਈਜਰ ਵੱਲੋਂ ਆਰਗੈਨਿਕ ਖੇਤੀ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਡਾ. ਮਨਪ੍ਰੀਤ ਸਿੰਘ ਵੈਟਨਰੀ ਅਫਸਰ ਵੱਲੋਂ ਪਸੂ ਪਾਲਣ ਦੇ ਜਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਡਾ. ਗੁਰਕਿਪਾਲ ਸਿੰਘ ਬਾਲਾ ਖੇਤੀਬਾੜੀ ਅਫਸਰ ਵੱਲੋਂ ਮਿਲਟ ਬਾਰੇ ਜਾਣਕਾਰੀ ਦਿੱਤੀ ਗਈ।

ਡਾ. ਚਤਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬਾਗਬਾਨੀ ਵੱਲੋਂ ਬਾਗਬਾਨੀ ਵਿਭਾਗ ਦੀ ਚਲ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ । ਖੇਤੀਬਾੜੀ ਵਿਭਾਗ ਦੇ ਰਿਟਾਇਰੀ ਅਧਿਕਾਰੀ ਡਾ. ਰਣਜੀਤ ਸਿੰਘ ਵੱਲੋਂ ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਗਈ । ਇਸ ਕੈਂਪ ਵਿੱਚ ਗੰਨਾ ਕਾਸ਼ਤਕਾਰ ਸ੍ਰੀ ਰਣਧੀਰ ਸਿੰਘ ਵੱਲੋਂ ਕਿਸਾਨਾਂ ਨਾਲ ਗੰਨੇ ਦੀ ਫਸਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਤੋਂ ਇਲਾਵਾ ਕਿਸਾਨ ਸ. ਦਲਜੀਤ ਸਿੰਘ ਚਲਾਕੀ ਵੱਲੋਂ ਕਿਸਾਨ ਮੰਗਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਧਿਆਨ ਵਿੱਚ ਲਿਆਂਦੀਆਂ। ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ ਸ. ਭਾਗ ਸਿੰਘ ਮਦਾਨ ਵੱਲੋਂ ਕੈਂਪ ਵਿੱਚ ਆਏ ਕਿਸਾਨਾਂ ਨੂੰ ਮਾਹਿਰਾਂ ਦੀ ਰਾਏ ਅਨੁਸਾਰ ਖੇਤੀ ਕਰਨ ਲਈ ਕਿਹਾ ਗਿਆ। ਇਸ ਕੈਂਪ ਦੀ ਸਟੇਜ਼ ਸੈਕਟਰੀ ਦੀ ਜਿੰਮੇਵਾਰੀ ਖੇਤੀਬਾੜੀ ਵਿਕਾਸ ਅਫਸਰ ਡਾ. ਸੁਖਸਾਗਰ ਸਿੰਘ ਵੱਲੋਂ ਨਿਭਾਈ ਗਈ। ਇਸ ਕੈਂਪ ਵਿੱਚ ਵੱਖ-ਵੱਖ ਅਧਿਕਾਰੀਆਂ ਅਤੇ ਲਗਭਗ 1000 ਕਿਸਾਨਾਂ ਨੇ ਭਾਗ ਲਿਆ।

ਇਸ ਮੌਕੇ ਐਸ.ਡੀ.ਐਮ ਰੂਪਨਗਰ ਸ਼੍ਰੀ ਸਚਿਨ ਪਾਠਕ, ਖੇਤੀਬਾੜੀ ਅਫ਼ਸਰ ਸ਼੍ਰੀ ਪੰਕਜ ਸਿੰਘ, ਹੋਰ ਉੱਚ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।