Close

Introduction of Legal Aid Defense Council System in District Rupnagar

Publish Date : 17/08/2023
Introduction of Legal Aid Defense Council System in District Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਰੂਪਨਗਰ ਵਿੱਚ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸ਼ੁਰੂਆਤ

ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਪੈਟਰਨ ਇਨ ਚੀਫ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਵੱਲੋਂ ਵਰਚੂਅਲ ਮੋਡ ਰਾਹੀਂ ਕੀਤੀ ਸ਼ੁਰੂਆਤ

ਰੂਪਨਗਰ, 17 ਅਗਸਤ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਜਿਸ ਦਾ ਉਦਘਾਟਨ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਪੈਟਰਨ ਇਨ ਚੀਫ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਵੱਲੋਂ ਵਰਚੂਅਲ ਮੋਡ ਰਾਹੀਂ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ ਲੀਗਲ ਏਡ ਡਿਫੈਂਸ ਕੌਂਸਲ ਅਪਰਾਧਕ ਕੇਸਾਂ ਵਿੱਚ ਸ਼ਾਮਲ ਅਪਰਾਧੀਆਂ ਦੇ ਕੇਸਾਂ ਨੂੰ ਸਮਰਪਿਤ ਭਾਵਨਾ ਨਾਲ ਲੜਨਗੇ। ਇਸ ਤੋਂ ਪਹਿਲਾਂ ਅਜਿਹੇ ਕੇਸ ਪੈਨਲ ਦੇ ਵਕੀਲਾਂ ਨੂੰ ਦੋਸ਼ੀਆਂ ਦੀ ਪੈਰਵਾਈ ਕਰਨ ਲਈ ਦਿੱਤੇ ਜਾਂਦੇ ਸਨ ਜੋ ਪ੍ਰਾਈਵੇਟ ਤੌਰ ਤੇ ਵੀ ਪ੍ਰੈਕਟਿਸ ਕਰਦੇ ਸਨ ਜਿਸ ਕਾਰਨ ਉਨ੍ਹਾਂ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਵਾਲੇ ਕੇਸਾਂ ਵੱਲ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਕਈ ਮੌਕਿਆਂ ਤੇ ਪੈਨਲ ਦੇ ਵਕੀਲਾਂ ਦੀ ਮੁਫਤ ਕਾਨੂੰਨੀ ਸਹਾਇਤਾ ਵਾਲੇ ਕੇਸਾਂ ਵਿੱਚ ਪੀੜਤਾਂ ਤੱਕ ਪਹੁੰਚ ਨਹੀਂ ਹੁੰਦੀ ਸੀ ਜਿਸ ਕਾਰਨ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਲੇ ਵਿਅਕਤੀਆਂ ਨਾਲ ਸਲਾਹ ਅਤੇ ਉਨ੍ਹਾਂ ਨੂੰ ਕੇਸ ਦੀ ਸਹੀ ਸਥਿਤੀ ਸਬੰਧੀ ਜਾਣਕਾਰੀ ਦੇਣ ਵਿੱਚ ਮੁਸ਼ਕਲ ਆਉਂਦੀ ਸੀ। ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਰਾਹੀ ਸਮਾਜ ਦੇ ਗਰੀਬ ਅਤੇ ਹਾਸ਼ੀਏ ਤੇ ਪਹੁੰਚੇ ਲੋਕਾਂ ਲਈ ਸਮਾਂਬੱਧ ਅਤੇ ਉਸਾਰੂ, ਵਚਨਬੱਧ ਅਤੇ ਜਵਾਬਦੇਹੀ ਵਾਲੇ ਵਕੀਲ ਚੁਣੇ ਗਏ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਆਗਿਆ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਪੈਟਰਨ ਇਨ ਚੀਫ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਅਤੇ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਸਥਾਪਤ ਕੀਤੇ ਇਨ੍ਹਾਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸ਼ੁਰੂਆਤ ਜ਼ਿਲ੍ਹਾ ਰੂਪਨਗਰ ਦੇ ਨਾਲ-ਨਾਲ ਪੰਜਾਬ ਦੇ ਹੋਰ 13 ਹੋਰ ਜ਼ਿਲ੍ਹਿਆਂ ਵਿੱਚ ਵੀ ਵਰਚੂਅਲ ਮੋਡ ਰਾਹੀ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਅਤੇ ਵਕੀਲਾਂ ਜਿਨ੍ਹਾਂ ਨੇ ਵਰਚੂਅਲ ਮੋਡ ਰਾਹੀਂ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਸਮੇਂ ਮਿਸਟਰ ਜਸਟਿਸ ਅਰੁਣ ਪੱਲੀ, ਜਸਟਿਸ ਹਰਪ੍ਰੀਤ ਕੌਰ ਜੀਵਨ, ਰਮੇਸ਼ ਚੰਦਰ ਡਿਮਰੀ, ਰਜਿਸਟਰਾਰ ਜਨਰਲ, ਕਮਲਜੀਤ ਲਾਂਬਾ, ਰਜਿਸਟਰਾਰ ਵਿਜੀਲੈਂਸ, ਮਨਜਿੰਦਰ ਸਿੰਘ, ਮੈਂਬਰ ਸਕੱਤਰ, ਸਮ੍ਰਿਤੀ ਧੀਰ, ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਤੋਂ ਇਲਾਵਾ ਵੀ ਚੀਫ, ਡਿਪਟੀ ਅਤੇ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲਾਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਵਰਚੂਅਲ ਸ਼ਮੂਲੀਅਤ ਕੀਤੀ ਗਈ।