In terms of payment to farmers, Rupnagar district is top among Punjab: Deputy Commissioner

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕਿਸਾਨਾ ਨੂੰ ਅਦਾਇਗੀ ਦੇ ਮਾਮਲੇ ਚ ਰੂਪਨਗਰ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਅੱਵਲ: ਡਿਪਟੀ ਕਮਿਸ਼ਨਰ
ਮੰਡੀਆਂ ਵਿੱਚ ਹੁਣ ਤੱਕ ਆਈ 78ਹਜ਼ਾਰ 574 ਮੀਟਰਕ ਟਨ ਕਣਕ ਦੀ ਹੋਈ ਖਰੀਦ
ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 124 ਕਰੋੜ ਰੁਪਏ ਦੀ ਹੋਈ ਆਨਲਾਈਨ ਅਦਾਇਗੀ
ਰੂਪਨਗਰ, 23 ਅਪ੍ਰੈਲ: ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤੱਕ ਕਿਸਾਨਾ ਵੱਲੋਂ ਮੰਡੀਆਂ ਵਿੱਚ ਲਿਆਂਦੀ ਗਈ 78 ਹਜ਼ਾਰ 574 ਮੀਟਰਕ ਟਨ ਕਣਕ ਦੀ ਖਰੀਦ ਸਮੂਹ ਏਜੰਸੀਆਂ ਵੱਲੋ਼ ਕੀਤੀ ਗਈ, ਜਦਕਿ 38 ਹਜਾਰ 704 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ, ਲਿਫਟਿੰਗ ਦੇ ਮਾਮਲੇ ਵਿੱਚ ਵੀ ਰੂਪਨਗਰ ਜ਼ਿਲ੍ਹਾ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਿਲ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਡੀਆਂ ਵਿਖੇ ਕਣਕ ਦੀ ਖਰੀਦ ਨੂੰ ਪਾਰਦਰਦਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਕਰਮਚਾਰੀਆਂ ਵਲੋਂ ਕਿਸਾਨਾਂ ਨੂੰ ਹਰ ਸੁਵਿਧਾ ਮੁੱਹਈਆ ਕਰਵਾਉਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਜਿਸ ਸਦਕਾ ਜ਼ਿਲ੍ਹਾ ਰੂਪਨਗਰ ਕਣਕ ਦੀ ਅਦਾਇਗੀ ਦੇ ਮਾਮਲੇ ਵਿਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਡੀ ਅੰਦਰ ਲਿਆਂਦੀ ਕਣਕ ਦੀ ਫ਼ਸਲ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੇਂ ਨਾਲ ਖਰੀਦ ਕੀਤੀ ਜਾ ਰਹੀ ਹੈ ਜਿਸ ਲਈ ਸਮੂਹ ਅਧਿਕਾਰੀਆਂ ਵਲੋਂ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਦੀ ਸੁਵਿਧਾ ਲਈ ਪਹਿਲਾ ਤੋਂ ਹੀ ਸਮੁੱਚੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਸੀ, ਤਾਂ ਜੋ ਸੀਜ਼ਨ ਦੌਰਾਨ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 124 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਹੋ ਚੁੱਕੀ ਹੈ ਤੇ 78 ਹਜਾਰ 574 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 22 ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ ਪਨਗਰੇਨ ਵੱਲੋਂ 23ਹਜਾਰ 932 ਮੀਟਰਕ ਟਨ, ਮਾਰਕਫੈੱਡ ਵੱਲੋਂ 18 ਹਜ਼ਾਰ 677 ਮੀਟਰਕ ਟਨ, ਪਨਸਪ ਵੱਲੋਂ 14 ਹਜਾਰ 582 ਮੀਟਰਕ ਟਨ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 11 ਹਜਾਰ 418 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 3 ਹਜ਼ਾਰ 257 ਮੀਟਰਕ ਟਨ ਅਤੇ ਵਪਾਰੀ ਵਰਗ ਵੱਲੋਂ 6 ਹਜ਼ਾਰ 708 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।