HPV vaccine launched in all health institutions in the Ropar district
ਜ਼ਿਲ੍ਹੇ ਅੰਦਰ ਸਾਰੀਆਂ ਸਿਹਤ ਸੰਸਥਾਵਾਂ ‘ਚ ਐਚ.ਪੀ.ਵੀ. ਵੈਕਸੀਨ ਦੀ ਹੋਈ ਸ਼ੁਰੂਆਤ
ਰੂਪਨਗਰ, 07 ਮਾਰਚ: ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਸਿਹਤ ਵਿਭਾਗ ਵੱਲੋਂ ਲੜਕੀਆਂ ਦਾ ਸਰਵਾਈਕਲ ਦੇ ਕੈਂਸਰ ਤੋਂ ਬਚਾਅ ਕਰਨ ਵਾਲੀ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਵੈਕਸੀਨ ਦੀ ਸ਼ੁਰੂਆਤ ਹੋ ਗਈ ਹੈ।
ਇਸ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੰਦਿਆ ਹੋਇਆ ਸਿਵਲ ਸਰਜਨ ਨੇ ਦੱਸਿਆ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹਰ ਸਾਲ ਬਹੁਤ ਮੌਤਾਂ ਦਾ ਕਾਰਨ ਬਣਦਾ ਹੈ। ਸਿਹਤ ਵਿਭਾਗ ਵੱਲੋਂ 14 ਸਾਲ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਦੇ ਰੋਗ ਤੋਂ ਬਚਾਅ ਕਰੇਗੀ ਇਹ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ ਅਤੇ ਇਸ ਤੋਂ ਬਾਅਦ ਐਚ.ਪੀ.ਵੀ ਵੈਕਸੀਨ ਨੂੰ ਰੂਟੀਨ ਟੀਕਾਕਰਨ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।
ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਵੱਲੋਂ ਐਚ.ਪੀ.ਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆ ਡਾ. ਅੰਜਲੀ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੰਨੀਆਂ ਵੀ ਲੜਕੀਆਂ ਆਪਣੀ 14 ਸਾਲ ਉਮਰ ਪੂਰੀ ਕਰ ਚੁੱਕੀਆਂ ਹਨ ਅਤੇ 15 ਸਾਲ ਦੀਆਂ ਨਹੀਂ ਹੋਈਆਂ ਉਨ੍ਹਾਂ ਨੂੰ ਇਹ ਟੀਕਾਕਰਨ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕੀਤਾ ਜਾਵੇਗਾ।
ਡਾ. ਅੰਜਲੀ ਚੌਧਰੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਐਚ.ਪੀ.ਵੀ. ਵੈਕਸੀਨ ਕਾਫੀ ਸਮੇਂ ਤੋਂ ਮਹਿੰਗੇ ਭਾਅ ਤੇ ਬੱਚਿਆਂ ਨੂੰ ਲਗਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਉਪਰੋਕਤ ਵੈਕਸੀਨ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਲਗਵਾਉਣ ਤਾਂ ਜੋ ਉਹਨਾਂ ਨੂੰ ਸਰਵਾਈਕਲ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਇੱਕ ਆਮ ਪਰ ਗੰਭੀਰ ਲਾਗ ਹੈ ਜੋ ਮੁੱਖ ਤੌਰ ਉੱਤੇ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਉੱਚ-ਜੋਖਮ ਵਾਲੀਆਂ ਕਿਸਮਾਂ ਸਰਵਾਈਕਲ ਕੈਂਸਰ, ਗਲੇ ਦਾ ਕੈਂਸਰ, ਗੁਦਾ ਕੈਂਸਰ ਅਤੇ ਹੋਰ ਕੈਂਸਰਾਂ ਦਾ ਕਾਰਨ ਬਣ ਸਕਦੀਆਂ ਹਨ ਜੇਕਰ ਉਹ ਲੰਬੇ ਸਮੇਂ ਤੱਕ ਸਰੀਰ ਵਿੱਚ ਬਣੇ ਰਹਿੰਦੇ ਹਨ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਦੱਸਿਆ ਕਿ ਐਚ.ਪੀ.ਵੀ. ਟੀਕੇ, ਜੋ ਕਿ (ਐਚ.ਪੀ.ਵੀ.) ਲਾਗ ਨੂੰ ਰੋਕਣ ਲਈ ਵਰਤੇ ਜਾਂਦੇ ਹਨ, ਦੀ ਵਿਸ਼ਵ ਪੱਧਰ ਉੱਤੇ ਵਿਆਪਕ ਖੋਜ ਕੀਤੀ ਗਈ ਹੈ ਅਤੇ ਇਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮਾਹਿਰਾਂ ਦੇ ਅਨੁਸਾਰ, ਦੁਨੀਆ ਭਰ ਵਿੱਚ (ਐਚ.ਪੀ.ਵੀ.) ਟੀਕੇ ਦੀਆਂ 50 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਕਲੀਨਿਕਲ ਅਧਿਐਨਾਂ ਨੇ ਦਿਖਾਇਆ ਹੈ ਕਿ (ਐਚ.ਪੀ.ਵੀ.) ਟੀਕਾਕਰਨ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।
ਇਸ ਮੌਕੇ ਐਲ.ਐਚ.ਵੀ. ਡਾ. ਸ਼ਾਹੀਨ ਵਾਲੀਆ ਅਤੇ ਮਲਟੀ ਪਰਪਜ਼ ਵਰਕਰ ਹਾਜ਼ਰ ਸਨ।