Close

Helping the disabled to make them self-reliant Service to humanity: Assistant Commissioner (J)

Publish Date : 22/09/2023
Helping the disabled to make them self-reliant Service to humanity: Assistant Commissioner (J)

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਦਿਵਿਆਂਗਜਨਾਂ ਨੂੰ ਮੱਦਦ ਦੇ ਕੇ ਆਤਮ ਨਿਰਭਰ ਬਣਾਉਣਾ ਮਨੁੱਖਤਾ ਦੀ ਸੇਵਾ: ਸਹਾਇਕ ਕਮਿਸ਼ਨਰ (ਜ)

ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚੇ ਦਿਵਿਆਂਗਜਨ ਹੁਕਮ ਸਿੰਘ ਨੂੰ ਮੋਟਰ-ਟ੍ਰਾਈਸਾਈਕਲ ਦੇ ਕੇ, ਪੈਨਸ਼ਨ ਲਗਾਉਣ ਦੀ ਹਦਾਇਤ ਦਿੱਤੀ

ਰੂਪਨਗਰ, 22 ਸਤੰਬਰ: ਲੋੜਵੰਦ ਦਿਵਿਆਂਗਜਨਾਂ ਨੂੰ ਮੱਦਦ ਦੇ ਕੇ ਆਤਮ ਨਿਰਭਰ ਬਣਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਸਮਾਜ ਦਾ ਪਹਿਲਾ ਫਰਜ਼ ਹੁੰਦਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਜ਼ਰਅੰਦਾਜ਼ ਕੀਤੇ ਗਏ ਸਮਾਜ ਦੇ ਅਣਮੁੱਲੇ ਹਿੱਸੇ ਨੂੰ ਬਣਦਾ ਅਧਿਕਾਰ ਦਿਵਾਉਣਾ ਲਈ ਅੱਗੇ ਆਉਣਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਦਿਵਿਆਂਗਜਨ ਹੁਕਮ ਸਿੰਘ ਨੂੰ ਮੋਟਰ-ਟ੍ਰਾਈਸਾਈਕਲ ਦਿੰਦੇ ਹੋਏ ਕੀਤਾ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਡਿਪਟੀ ਕਮਿਸ਼ਨਰ ਦਫਤਰ, ਰੂਪਨਗਰ ਵਿਖੇ ਪੁੱਜੇ ਦਿਵਿਆਂਗਜਨ ਵਲੋਂ ਦਿੱਤੀ ਦਰਖਾਸਤ ਉਤੇ ਸੁਣਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਾ ਬਾਲਾ ਨੂੰ ਤੁਰੰਤ ਪੈਨਸ਼ਨ ਸਬੰਧੀ ਫਾਰਮ ਭਰ ਕੇ ਵਿੱਤੀ ਲਾਭ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਹ ਵੀ ਕਿਹਾ ਕਿ ਹੁਕਮ ਸਿੰਘ ਦੀ ਤਰ੍ਹਾਂ ਹੋਰ ਲੋੜਵੰਦਾਂ ਨੂੰ ਵੀ ਵਿੱਤੀ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਦਿੱਤੀ ਜਾਣ ਵਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਗੁਰਸੋਹਨ ਸਿੰਘ ਨੂੰ ਤੁਰੰਤ ਦਿਵਿਆਂਗਜਨ ਹੁਕਮ ਸਿੰਘ ਨੂੰ ਮੋਟਰ-ਟ੍ਰਾਈਸਾਈਕਲ ਮੁਹੱਈਆ ਕਰਵਾਉਣ ਲਈ ਕਿਹਾ ਜੋ ਕਿ 80 ਫੀਸਦ ਦੇ ਕਰੀਬ ਸਰੀਰਕ ਪੱਖੋਂ ਪ੍ਰਭਾਵਿਤ ਹੈ ਜਿਸ ਨਾਲ ਇਹ ਦਿਵਿਆਂਗਜਨ ਲੋੜ ਅਨੁਸਾਰ ਆਪਣਾ ਕੋਈ ਕਿੱਤਾ ਵੀ ਕਰ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵੀ ਕਰ ਸਕੇ।

ਅਰਵਿੰਦਪਾਲ ਸਿੰਘ ਸੋਮਲ ਨੇ ਕਿਹਾ ਕਿ ਬਤੌਰ ਕਰਨਲ ਆਰਮੀ ਵਿਖੇ ਡਿਊਟੀ ਦੌਰਾਨ ਉਹ ਖੁਦ ਰੀੜ ਦੀ ਹੱਡੀ ਉਤੇ ਸੱਟ ਲੱਗਣ ਕਾਰਨ ਲੰਮੇਂ ਸਮੇਂ ਤੋਂ ਵੀਲ੍ਹ ਚੇਅਰ ਉਤੇ ਹਨ ਜਿਸ ਲਈ ਉਹ ਹੁਕਮ ਸਿੰਘ ਵਰਗੇ ਦਿਵਿਆਂਗਜਨਾਂ ਦੀ ਲੋੜ ਸਹੀ ਢੰਗ ਨਾਲ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਹੁਕਮ ਸਿੰਘ ਚਾਹੇ ਤਾਂ ਉਹ ਇਸ ਮੋਟਰ-ਟ੍ਰਾਈਸਾਈਕਲ ਦੀ ਮੱਦਦ ਨਾਲ ਜੀਵਨ ਸ਼ੈਲੀ ਨੂੰ ਬਦਲ ਸਕਦਾ ਹੈ ਅਤੇ ਆਪਣੇ ਤਰ੍ਹਾਂ ਦੇ ਹੋਰ ਦਿਵਿਆਂਗਜਨਾਂ ਲਈ ਮਿਸ਼ਾਲ ਸਾਬਤ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਿੰਡਾਂ-ਸ਼ਹਿਰਾਂ ਵਿਚ ਆਮ ਦੇਖਣ ਨੂੰ ਮਿਲ ਜਾਂਦਾ ਹੈ ਕਿ ਦਿਵਿਆਂਗਜਨ ਵਿਅਕਤੀ ਕਿਸ ਕਦਰ ਨਕਲੀ ਅੰਗਾਂ ਤੇ ਟ੍ਰਾਈਸਾਈਕਲ ਆਦਿ ਚੀਜ਼ਾਂ ਲਈ ਮੁਹਤਾਜ਼ ਹੁੰਦੇ ਹਨ ਜਦਕਿ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਇਹ ਸਾਰੀਆਂ ਚੀਜ਼ਾਂ ਮੁਕੰਮਲ ਤੌਰ ਉਤੇ ਮੁਫਤ ਉਪਲੱਬਧ ਕਰਵਾਈਆਂ ਜਾਂਦੀਆਂ ਹਨ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਅਜਿਹਾ ਲੋੜਵੰਦ ਹੈ ਤਾਂ ਉਸ ਦਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਲੋੜ ਅਨੁਸਾਰ ਸਬੰਧਿਤ ਚੀਜ਼ ਲੈਣ ਲਈ ਰੈੱਡ ਕਰਾਸ ਸੁਸਾਇਟੀ ਵਿਖੇ ਮੰਗ ਕੀਤੀ ਜਾ ਸਕਦੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਦਿਵਿਆਂਗਜਨ ਹੁਕਮ ਸਿੰਘ ਨੇ ਦੱਸਿਆ ਕਿ ਉਹ ਲੱਗਭਗ 3 ਸਾਲ ਪਹਿਲਾਂ ਉੱਤਰ-ਪ੍ਰਦੇਸ਼ ਵਿਚੋਂ ਰੁਜ਼ਗਾਰ ਦੀ ਤਲਾਸ਼ ਵਿਚ ਇਥੇ ਆਇਆ ਸੀ ਪਰ ਹਾਲਾਤ ਖਰਾਬ ਹੋਣ ਕਰਕੇ ਉਹ ਅਤੇ ਉਸ ਦੀ ਪਤਨੀ ਪੈਸੇ ਮੰਗ ਕੇ ਗੁਜ਼ਾਰਾ ਕਰਦੇ ਹਨ ਪਰ ਹੁਣ ਉਹ ਮੋਟਰ-ਟ੍ਰਾਈਸਾਈਕਲ ਮਿਲਣ ਉਪਰੰਤ ਕਿਤੇ ਵੀ ਆ ਜਾ ਸਕਦਾ ਹੈ ਜਿਸ ਲਈ ਉਹ ਜਲਦ ਆਪਣਾ ਕੋਈ ਛੋਟਾ ਕਾਰੋਬਾਰ ਸ਼ੁਰੂ ਕਰੇਗਾ ਅਤੇ ਅੱਗੇ ਤੋਂ ਕਦੇ ਵੀ ਲੋਕਾਂ ਤੋਂ ਪੈਸੇ ਨਹੀਂ ਮੰਗੇਗਾ।