Health Department releases awareness poster under “Stop Diarrhea” campaign

ਸਿਹਤ ਵਿਭਾਗ ਵੱਲੋਂ “ਦਸਤ ਰੋਕੋ” ਮੁਹਿੰਮ ਤਹਿਤ ਜਾਗਰੂਕਤਾ ਪੋਸਟਰ ਜਾਰੀ
ਲੋਕਾਂ ਨੂੰ ਸਾਫ-ਸੁਥਰੇ ਪਾਣੀ, ਹੱਥ ਧੋਣ ਅਤੇ ਪੌਸ਼ਟਿਕ ਭੋਜਨ ਬਾਰੇ ਸੁਚੇਤ ਹੋਣ ਦੀ ਲੋੜ
ਰੂਪਨਗਰ, 15 ਜੁਲਾਈ: ਸਿਹਤ ਵਿਭਾਗ ਪੰਜਾਬ ਵੱਲੋਂ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ, ਖ਼ਾਸ ਕਰਕੇ ਦਸਤ (ਅਤਿਸਾਰ) ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ “ਦਸਤ ਰੋਕੋ” ਮੁਹਿੰਮ ਚਲਾਈ ਜਾ ਰਹੀ ਹੈ। ਇਸ ਅਧੀਨ ਅੱਜ ਸਿਵਲ ਸਰਜਨ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਦਫਤਰ ਸਿਵਲ ਸਰਜਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਜਾਗਰੂਕਤਾ ਪੋਸਟਰ ਜਾਰੀ ਕੀਤੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਆਮ ਜਨਤਾ ਵਿੱਚ ਦਸਤ ਰੋਗ ਬਾਰੇ ਜਾਣਕਾਰੀ ਵਧਾਉਣ ਅਤੇ ਇਸ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦੀ ਹੈ। ਜਾਰੀ ਕੀਤੇ ਗਏ ਪੋਸਟਰਾਂ ਵਿੱਚ ਦਿਖਾਇਆ ਗਿਆ ਹੈ ਕਿ ਦਸਤ ਰੋਗ ਕਿਸ ਤਰ੍ਹਾਂ ਫੈਲਦਾ ਹੈ, ਇਸਦੇ ਲੱਛਣ ਕੀ ਹਨ, ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ ਅਤੇ ਓ.ਆਰ.ਐਸ. ਘੋਲ ਕਿਸ ਤਰਹ ਬਣਾਉਣਾ ਤੇ ਵਰਤਣਾ ਚਾਹੀਦਾ ਹੈ ਤੇ ਓ.ਆਰ.ਐਸ ਜਲ ਡਾਇਰੀਆ ਤੋਂ ਬਚਾਅ ਹਿੱਤ ਸਭ ਤੋਂ ਵਧੀਆ ਉਪਾਅ ਕਿਵੇਂ ਹੈ।
ਉਨ੍ਹਾਂ ਸਮਾਗਮ ਦੌਰਾਨ ਕਿਹਾ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਦਸਤ ਰੋਗ ਵੀ ਇਕ ਸੰਕਰਮਕ ਬਿਮਾਰੀ ਹੈ ਜੋ ਸਫਾਈ ਦੀ ਘਾਟ ਅਤੇ ਖ਼ਰਾਬ ਪਾਣੀ ਦੇ ਸੇਵਨ ਕਰਕੇ ਹੋ ਸਕਦੀ ਹੈ। ਇਹ ਬੱਚਿਆਂ ਵਿੱਚ ਮੌਤ ਦਾ ਇੱਕ ਵੱਡਾ ਕਾਰਣ ਬਣ ਸਕਦਾ ਹੈ ਜੇਕਰ ਇਸ ਦਾ ਤੁਰੰਤ ਇਲਾਜ ਨਾ ਕਰਵਾਇਆ ਜਾਵੇ। ਅਸੀਂ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਹਮੇਸ਼ਾਂ ਉਬਲੇ ਜਾਂ ਫਿਲਟਰ ਕੀਤੇ ਪਾਣੀ ਦੀ ਵਰਤੋਂ ਕਰੋ, ਖਾਣ-ਪੀਣ ਤੋਂ ਪਹਿਲਾਂ ਹੱਥ ਧੋਵੋ ਅਤੇ ਖਾਣਾ ਹਮੇਸ਼ਾਂ ਢੱਕ ਕੇ ਰੱਖੋ।
ਡਾ. ਨਵਰੂਪ ਕੌਰ ਨੇ ਦੱਸਿਆ ਕਿ ਪੋਸਟਰਾਂ ਵਿੱਚ ਦਰਜ ਕੀਤੀਆਂ ਮੁੱਖ ਜਾਣਕਾਰੀਆਂ ਸ਼ਾਮਿਲ ਹਨ ਦਸਤ ਦੇ ਕਾਰਣ – ਗੰਦੇ ਪਾਣੀ, ਸਫਾਈ ਦੀ ਘਾਟ, ਬਾਹਰ ਦੀ ਖ਼ਰਾਬ ਖੁਰਾਕ। ਲੱਛਣ – ਵਾਰੀ ਵਾਰੀ ਪਤਲੇ ਪਖਾਨਾ ਆਉਣਾ, ਕਮਜ਼ੋਰੀ, ਪਾਣੀ ਦੀ ਘਾਟ (ਡਿਹਾਈਡਰੇਸ਼ਨ), ਬੁਖਾਰ, ਉਲਟੀ। ਬਚਾਅ – ਹੱਥ ਧੋਣਾ, ਪਾਣੀ ਉਬਾਲਣਾ, ਖਾਣਾ ਢੱਕਣਾ, ਟਾਇਲਟ ਦੀ ਸਾਫ਼-ਸਫਾਈ। ਇਲਾਜ – ਓ.ਆਰ.ਐੱਸ. ਘੋਲ, ਨਾਰੀਅਲ ਪਾਣੀ, ਲੰਬੀ ਉਮਰ ਵਾਲੀ ਘਰੇਲੂ ਥੈਰਪੀ, ਜਰੂਰਤ ਹੋਣ ਤੇ ਹਸਪਤਾਲੀ ਇਲਾਜ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ ਨੇ ਦੱਸਿਆ ਕਿ ਦਸਤ ਰੋਗ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਓ.ਆਰ.ਐੱਸ. ਘੋਲ, ਜ਼ਿੰਕ ਗੋਲੀਆਂ, ਅਤੇ ਜਲ ਸੰਚਾਰ ਕਿਟ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਇਹ ਸਾਰੀਆਂ ਸੇਵਾਵਾਂ ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਰਾਹੀਂ ਘਰ-ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਮੁਹਿੰਮ ਦੀ ਲੋੜ ਅਤੇ ਅਹਮ ਮਹੱਤਤਾ ਬਾਰੇ ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਹਰ ਸਾਲ ਲੱਖਾਂ ਬੱਚੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਕਾਰਨ ਆਪਣੀ ਜਾਨ ਗੁਆ ਦੇਂਦੇ ਹਨ, ਜਿਨ੍ਹਾਂ ਵਿੱਚ ਦਸਤ ਇੱਕ ਮੁੱਖ ਕਾਰਕ ਹੈ। ਇਸ ਪਿੱਛੇ ਕਾਰਨ ਹੈ ਪੀਣਯੋਗ ਪਾਣੀ ਦੀ ਕਮੀ ਅਤੇ ਹਾਈਜੀਨ ਦੀ ਉਣਗੁਣਤਾ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ “ਦਸਤ ਰੋਕੋ” ਮੁਹਿੰਮ ਅਧੀਨ ਪੋਸਟਰ ਜਾਰੀ ਕਰਕੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਸਾਵਧਾਨੀਆਂ ਅਤੇ ਸਧਾਰਨ ਉਪਚਾਰ ਰਾਹੀਂ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਹ ਪੋਸਟਰ ਸਿਰਫ਼ ਇਕ ਸੂਚਨਾ ਸਾਧਨ ਨਹੀਂ, ਸਗੋਂ ਇੱਕ ਅਜਿਹਾ ਜਾਗਰੁਕਤਾ ਹਥਿਆਰ ਹਨ ਜੋ ਸਿੱਧਾ ਲੋਕਾਂ ਦੇ ਮਨ ਤੇ ਅਸਰ ਕਰਦੇ ਹਨ। “ਦਸਤ ਰੋਕੋ” ਮੁਹਿੰਮ ਰਾਹੀਂ ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਹਰ ਨਾਗਰਿਕ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਖ਼ੁਦ ਕਰੇ ਅਤੇ ਛੋਟੀਆਂ-ਛੋਟੀਆਂ ਸਾਵਧਾਨੀਆਂ ਰਾਹੀਂ ਵੱਡੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਿਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਸਮੂਹ ਬਲਾਕਾਂ ਤੋਂ ਆਈਆਂ ਹੋਈਆਂ ਐਲ ਐਚ ਵੀਜ ਹਾਜ਼ਰ ਸਨ।