Health Department organizes health exhibition during Kisan Mela

ਸਿਹਤ ਵਿਭਾਗ ਵੱਲੋਂ ਕਿਸਾਨ ਮੇਲੇ ਦੌਰਾਨ ਸਿਹਤ ਸੰਬੰਧੀ ਪ੍ਰਦਰਸ਼ਨੀ ਲਗਾਈ ਗਈ
ਰੂਪਨਗਰ, 9 ਅਪ੍ਰੈਲ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਰੂਪਨਗਰ ਵੱਲੋਂ ਆਯੋਜਿਤ ਕਿਸਾਨ ਮੇਲੇ ਦੌਰਾਨ, ਭੱਠਾ ਸਾਹਿਬ ਅਨਾਜ ਮੰਡੀ ਵਿੱਚ ਭਰਤਗੜ੍ਹ ਬਲਾਕ ਦੇ ਪੈਰਾਮੈਡੀਕਲ ਸਟਾਫ ਵੱਲੋਂ ਸਿਹਤ ਸਬੰਧੀ ਪ੍ਰਦਰਸ਼ਨੀ ਲਗਾਈ ਗਈ।
ਇਸ ਪ੍ਰਦਰਸ਼ਨੀ ਰਾਹੀਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ। ਸਟਾਫ ਨੇ ਵਿਭਿੰਨ ਰੋਗਾਂ ਦੀ ਰੋਕਥਾਮ, ਸਾਫ਼-ਸਫ਼ਾਈ, ਟੀਕਾਕਰਨ ਅਤੇ ਮੁੱਢਲੀ ਸਹਾਇਤਾ ਸੰਬੰਧੀ ਲਿਟਰੇਚਰ ਵੀ ਵੰਡਿਆ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਿਹਤ ਸੰਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਹੀ ਮਦਦਗਾਰ ਸਾਬਤ ਹੁੰਦੀਆਂ ਹਨ। ਭਰਤਗੜ੍ਹ ਬਲਾਕ ਦੇ ਪੈਰਾਮੈਡੀਕਲ ਸਟਾਫ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਿਲੇ-ਤਾਰੀਫ਼ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇੰਝੇ ਸਿਹਤ ਜਾਗਰੂਕਤਾ ਮੁਹਿੰਮਾਂ ਜਾਰੀ ਰਹਿਣਗੀਆਂ।
ਸੀਨੀਅਰ ਮੈਡੀਕਲ ਅਫਸਰ ਭਰਤਗੜ੍ਹ ਡਾ. ਆਨੰਦ ਘਈ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿਹਤ ਸੇਵਾਵਾਂ ਨੂੰ ਜਨਤਾ ਤੱਕ ਲਿਜਾਣ ਲਈ ਅਜਿਹੇ ਸਮਾਗਮ ਬਹੁਤ ਹੀ ਮਹੱਤਵਪੂਰਨ ਹਨ। ਕਿਸਾਨ ਮੇਲੇ ਵਰਗੇ ਪਲੇਟਫਾਰਮ ‘ਤੇ ਸਿਹਤ ਦੀ ਜਾਣਕਾਰੀ ਦੇਣਾ ਲੋਕੀ ਜਾਗਰੂਕਤਾ ਵਧਾਉਣ ਵੱਲ ਇੱਕ ਵੱਡਾ ਕਦਮ ਹੈ। ਭਰਤਗੜ੍ਹ ਟੀਮ ਦੀ ਕੋਸ਼ਿਸ਼ ਸਾਫ਼ ਦਰਸਾਉਂਦੀ ਹੈ ਕਿ ਅਸੀਂ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ।
ਇਸ ਪ੍ਰਦਰਸ਼ਨੀ ਦੀ ਸਫਲਤਾ ਵਿੱਚ ਬਹੁਤ ਸਾਰੇ ਸਿਹਤ ਕਰਮਚਾਰੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਵਿੱਚ ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਬਲਾਕ ਐਕਸਟੈਂਸ਼ਨ ਏਜੂਕੇਟਰ ਸਾਹਿਲ ਸੁਖੇਰਾ, ਸੈਨੀਟਰੀ ਇੰਸਪੈਕਟਰ ਅਵਤਾਰ ਸਿੰਘ, ਸੈਨੀਟਰੀ ਇੰਸਪੈਕਟਰ ਜਗਤਾਰ ਸਿੰਘ, ਹੈਲਥ ਵਰਕਰ ਹਰਜੀਤ ਸਿੰਘ, ਸੂਚਨਾ ਸਹਾਇਕ ਤਰਲੋਚਨ ਸਿੰਘ, ਅਤੇ ਐਂਬੂਲੈਂਸ ਡਰਾਈਵਰ ਇਕਬਾਲ ਸਿੰਘ ਦੀ ਭੂਮਿਕਾ ਲਾਭਪ੍ਰਦ ਅਤੇ ਪ੍ਰਸ਼ੰਸਾਯੋਗ ਰਹੀ।
ਇਸ ਮੌਕੇ ਸੈਂਕੜਿਆਂ ਕਿਸਾਨਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਸਿਹਤ ਸਟਾਫ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਪ੍ਰਸ਼ੰਸਾ ਕੀਤੀ ।