Close

Health Department organized awareness program about leprosy through magic show at Civil Hospital Rupnagar

Publish Date : 19/03/2025
Health Department organized awareness program about leprosy through magic show at Civil Hospital Rupnagar

ਸਿਹਤ ਵਿਭਾਗ ਨੇ ਸਿਵਲ ਹਸਪਤਾਲ ਰੂਪਨਗਰ ‘ਚ ਜਾਦੂ ਸ਼ੋਅ ਰਾਹੀਂ ਕੋਹੜ ਰੋਗ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜਾਦੂ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਵਿੱਚ ਕੋਹੜ ਰੋਗ ਬਾਰੇ ਸਹੀ ਜਾਣਕਾਰੀ ਪਹੁੰਚਾਉਣਾ, ਗਲਤਫਹਿਮੀਆਂ ਨੂੰ ਦੂਰ ਕਰਨਾ ਤੇ ਕੋਹੜ ਪੀੜਤ ਵਿਅਕਤੀਆਂ ਨਾਲ ਸਮਾਜਕ ਭੇਦਭਾਵ ਖ਼ਤਮ ਕਰਨਾ

ਰੋਗ ਦੇ ਲੱਛਣ ਦਿਸਣ ਤੇ ਤੁਰੰਤ ਹਸਪਤਾਲ ਜਾ ਕੇ ਉਚਿਤ ਤੇ ਮੁਫ਼ਤ ਇਲਾਜ ਲਓ

ਰੂਪਨਗਰ, 19 ਮਾਰਚ: ਕੋਹੜ ਰੋਗ (ਲੈਪਰੋਸੀ) ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਰੂਪਨਗਰ ਵੱਲੋਂ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਰੂਪਨਗਰ ਵਿੱਚ ਇੱਕ ਵਿਲੱਖਣ “ਜਾਦੂ ਸ਼ੋਅ” ਆਯੋਜਿਤ ਕੀਤਾ ਗਿਆ।

ਇਹ ਕਾਰਜਕ੍ਰਮ ਸਿਹਤ ਵਿਭਾਗ ਅਤੇ ਰਾਸ਼ਟਰੀ ਕੋਹੜ ਰੋਗ ਨਿਯੰਤਰਣ ਪ੍ਰੋਗਰਾਮ (ਐਨਐਲਈਪੀ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਜਾਦੂ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਵਿੱਚ ਕੋਹੜ ਰੋਗ ਬਾਰੇ ਸਹੀ ਜਾਣਕਾਰੀ ਪਹੁੰਚਾਉਣ, ਇਸ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨਾ ਅਤੇ ਕੋਹੜ ਪੀੜਤ ਵਿਅਕਤੀਆਂ ਨਾਲ ਸਮਾਜਕ ਭੇਦਭਾਵ ਖ਼ਤਮ ਕਰਨਾ ਸੀ। ਜਾਦੂਗਰ ਜਗਦੇਵ ਅਲਾਰਮ ਵੱਲੋਂ ਆਪਣੇ ਅਨੋਖੇ ਜਾਦੂਈ ਤਰੀਕਿਆਂ ਰਾਹੀਂ ਮਨੋਰੰਜਨਕ ਢੰਗ ਨਾਲ ਕੋਹੜ ਰੋਗ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਜਾਦੂਗਰ ਵੱਲੋਂ ਵੱਖ ਵੱਖ ਕਲਾਕ੍ਰਿਤੀਆਂ ਦਿਖਾਉਂਦੇ ਦੱਸਿਆ ਗਿਆ ਕਿ ਕੋਹੜ (ਲੈਪਰੋਸੀ) ਇੱਕ ਗਲਤ ਸਮਝੀ ਜਾਣ ਵਾਲੀ ਬਿਮਾਰੀ ਹੈ, ਕੋਹੜ ਮਾਈਕੋਬੈਕਟੀਰੀਅਮ ਲੈਪ੍ਰੇ ਨਾਂਮਕ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਇੱਕ ਸੰਕ੍ਰਾਮਕ ਬਿਮਾਰੀ ਹੋਣ ਦੇ ਬਾਵਜੂਦ ਛੂਤਹੀ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਕੋਹੜ ਰੋਗ ਬਾਰੇ ਕਈ ਗਲਤ ਧਾਰਨਾਵਾਂ ਹਨ, ਜਿਵੇਂ ਕਿ ਕੋਹੜ ਛੂਹਣ ਨਾਲ ਫੈਲਦੀ ਹੈ ਪਰ ਅਸਲ ਵਿੱਚ ਇਹ ਲੰਬੇ ਸਮੇਂ ਤਕ ਇੱਕ ਅਣਉਪਚਾਰਤ ਰੋਗੀ ਨਾਲ ਸਪਰਸ਼ ਕਰਨ ਜਾਂ ਨਜ਼ਦੀਕੀ ਸੰਪਰਕ ਵਿੱਚ ਰਹਿਣ ਨਾਲ ਹੀ ਫੈਲਦੀ ਹੈ। ਇਸ ਤੋਂ ਇਲਾਵਾ ਕੋਹੜ ਰੋਗ ਦਾ ਇਲਾਜ ਨਹੀਂ, ਇਹ ਵੀ ਧਾਰਨਾ ਪ੍ਰਚੱਲਿਤ ਹੈ ਪਰ ਅਸਲ ਵਿੱਚ ਕੋਹੜ ਰੋਗ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ, ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਕੋਹੜ ਰੋਗ ਪੀੜਤ ਆਮ ਜੀਵਨ ਨਹੀਂ ਜੀਅ ਸਕਦੇ ਪਰ ਅਸਲ ਵਿੱਚ ਇਲਾਜ ਦੇ ਬਾਅਦ ਉਹ ਵੀ ਹੋਰ ਲੋਕਾਂ ਵਾਂਗ ਆਮ ਜੀਵਨ ਜੀਅ ਸਕਦੇ ਹਨ।

ਇਸ ਜਾਦੂ ਸ਼ੋਅ ਵਿੱਚ ਜਾਦੂਗਰ ਵੱਲੋਂ ਕੋਹੜ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤਰੀਕੇ ਅਪਣਾਏ ਗਏ। ਉਨ੍ਹਾਂ ਨੇ ਹੋਰਧਰਮਕ, ਵਿਸ਼ਵਾਸਯੋਗ ਅਤੇ ਦਿਲਚਸਪ ਜਾਦੂਈ ਦ੍ਰਿਸ਼ ਦਿਖਾ ਕੇ ਕੋੜ੍ਹ ਬਾਰੇ ਅਹਿਮ ਗੱਲਾਂ ਸਮਝਾਈਆਂ। ਜਿਸ ਵਿੱਚ ਇਹ ਸਮਝਾਇਆ ਗਿਆ ਕਿ ਕੋਹੜ ਛੂਹਣ ਨਾਲ ਨਹੀਂ ਫੈਲਦੀ, ਜਾਦੂਗਰ ਨੇ ਇੱਕ ਵਿਅਕਤੀ ਨੂੰ ਕੋਹੜ ਪੀੜਤ ਵਿਅਕਤੀ ਵਾਂਗ ਦਿਖਾਇਆ ਅਤੇ ਬਾਕੀ ਲੋਕਾਂ ਨੂੰ ਉਸ ਨਾਲ ਹੱਥ ਮਿਲਾਉਣ ਲਈ ਕਿਹਾ। ਜਦ ਉਹਨਾਂ ਨੇ ਹੱਥ ਮਿਲਾਇਆ, ਤਾਂ ਉਹ ਉਸੇ ਜਾਦੂਈ ਤਰੀਕੇ ਨਾਲ ਤੰਦਰੁਸਤ ਦਿਖਣ ਲੱਗ ਪਿਆ। ਇਹ ਵਿਖਾਉਂਦਾ ਹੈ ਕਿ ਕੋਹੜ ਰੋਗ ਛੂਹਣ ਨਾਲ ਨਹੀਂ ਫੈਲਦਾ।

“ਕੋਹੜ ਦਾ ਇਲਾਜ ਸੰਭਵ ਹੈ” ਇਸਨੂੰ ਇੱਕ ਖ਼ਾਸ ਜਾਦੂਈ ਪ੍ਰਦਰਸ਼ਨ ਰਾਹੀਂ ਵਿਖਾਇਆ ਗਿਆ ਕਿ ਇਲਾਜ ਰਾਹੀਂ ਕੋਹੜ ਰੋਗ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਜਾਦੂਗਰ ਨੇ ਇੱਕ ਵਿਅਕਤੀ ਦੀ ਤਸਵੀਰ ਤੇ ਹੱਥ ਰੱਖ ਕੇ ਉਸ ਦੀ ਤਸਵੀਰ ਨੂੰ ਤੰਦਰੁਸਤ ਵਿਅਕਤੀ ਵਿੱਚ ਬਦਲ ਦਿੱਤਾ, ਜੋ ਕਿ ਕੋਹੜ ਰੋਗ ਦੇ ਇਲਾਜ ਦੀ ਸੰਭਾਵਨਾ ਦਰਸਾਉਂਦਾ ਹੈ।

“ਕੋਹੜ ਪੀੜਤਾਂ ਨਾਲ ਭੇਦਭਾਵ ਨਾ ਕਰੋ” ਇਕ ਹੋਰ ਜਾਦੂ ਰਾਹੀਂ ਜਾਦੂਗਰ ਨੇ ਦੋ ਵਿਅਕਤੀਆਂ ਨੂੰ ਅਲੱਗ-ਅਲੱਗ ਪਹਿਚਾਣ ਦਿੱਤੀ – ਇੱਕ ਕੋਹੜ ਪੀੜਤ ਤੇ ਇੱਕ ਆਮ ਵਿਅਕਤੀ। ਪਰ ਜਦ ਉਹ ਜਾਦੂਈ ਤਰੀਕੇ ਨਾਲ ਉਨ੍ਹਾਂ ਦੀ ਪਹਿਚਾਣ ਬਦਲੀ ਤਾਂ ਸਭ ਨੂੰ ਸਮਝ ਆ ਗਿਆ ਕਿ ਕੋਹੜ ਰੋਗ ਤੋਂ ਪੀੜਤ ਵੀ ਆਮ ਲੋਕਾਂ ਵਾਂਗ ਜੀਅ ਸਕਦੇ ਹਨ।

ਇਸ ਮੌਕੇ ਬੋਲਦਿਆਂ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ.ਇਕਬਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਅਤੇ ਰਾਸ਼ਟਰੀ ਕੋਹੜ ਨਿਯੰਤਰਣ ਪ੍ਰੋਗਰਾਮ (ਐਨਐਲਈਪੀ) ਵੱਲੋਂ ਜ਼ਿਲ੍ਹਾ ਰੂਪਨਗਰ ਅਧੀਨ ਪੰਜ ਮੈਜਿਕ ਸ਼ੋਅ ਵੱਖ-ਵੱਖ ਥਾਵਾਂ ਤੇ ਕਰਵਾਏ ਜਾ ਰਹੇ ਹਨ, ਇਨ੍ਹਾਂ ਵਿੱਚੋਂ ਇੱਕ ਸ਼ੋਅ ਸਿਵਲ ਹਸਪਤਾਲ ਰੂਪਨਗਰ, ਦੂਜਾ ਸਰਕਾਰੀ ਨਰਸਿੰਗ ਸਕੂਲ ਵਿਖੇ, ਤੀਜਾ ਸਦਾਬਰਤ ਇਲਾਕੇ ਵਿੱਚ, ਚੌਥਾ ਸ਼ੋਅ ਸ਼੍ਰੀ ਚਮਕੌਰ ਸਾਹਿਬ ਅਤੇ ਪੰਜਵਾਂ ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਹੜ ਪੀੜਤਾਂ ਦੀ ਪਛਾਣ, ਉਨ੍ਹਾਂ ਦਾ ਇਲਾਜ, ਅਤੇ ਸਮਾਜ ਵਿੱਚ ਉਨ੍ਹਾਂ ਦਾ ਪੁਨਰਵਾਸ ਯਕੀਨੀ ਬਣਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ਰੂਪਨਗਰ ਵਿੱਚ ਇਹ ਜਾਦੂ ਸ਼ੋਅ ਇਸੇ ਉਦੇਸ਼ ਨੂੰ ਹਾਸਲ ਕਰਨ ਲਈ ਆਯੋਜਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਕੋਹੜ ਕੋਈ ਸ਼ਰਾਪ ਨਹੀਂ, ਇਹ ਇੱਕ ਇਲਾਜਯੋਗ ਬਿਮਾਰੀ ਹੈ। ਇਸ ਦਾ ਇਲਾਜ ਹਾਲੇ ਵੀ ਮੁਫ਼ਤ ਉਪਲਬਧ ਹੈ ਅਤੇ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਨਾਲ ਸਾਮਾਜਿਕ ਭੇਦਭਾਵ ਨਾ ਕਰੋ, ਉਹ ਵੀ ਆਮ ਜੀਵਨ ਜੀਅ ਸਕਦੇ ਹਨ। ਜੇਕਰ ਕਿਸੇ ਨੂੰ ਇਸ ਰੋਗ ਦੇ ਲੱਛਣ ਦਿਸਣ ਤਾਂ ਉਹ ਤੁਰੰਤ ਸਿਹਤ ਕੇਂਦਰ ਜਾਂ ਹਸਪਤਾਲ ਜਾਂ ਕੇ ਉਚਿਤ ਇਲਾਜ ਲਵੋ।

ਸਿਹਤ ਵਿਭਾਗ ਨੇ ਲੋਕਾਂ ਨੂੰ ਕੋਹੜ ਬਾਰੇ ਜਾਗਰੂਕ ਹੋਣ ਅਤੇ ਹੋਰ ਲੋਕਾਂ ਤਕ ਇਹ ਜਾਣਕਾਰੀ ਪਹੁੰਚਾਉਣ ਦੀ ਅਪੀਲ ਕੀਤੀ। ਇਸ ਜਾਦੂ ਸ਼ੋਅ ਨੇ ਲੋਕਾਂ ਨੇ ਮਨੋਰੰਜਨ ਵੀ ਕੀਤਾ ਅਤੇ ਕੋਹੜ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ। ਇਹ ਸਮਾਜਿਕ ਜਾਗਰੂਕਤਾ ਵਧਾਉਣ ਦੀ ਇੱਕ ਨਵੀਨਤਮ ਕੋਸ਼ਿਸ਼ ਸੀ, ਜੋ ਕਿ ਲੋਕਾਂ ‘ਚ ਕੋਹੜ ਬਾਰੇ ਗਲਤਫਹਿਮੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।

ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਦੇ ਸੂਚਨਾ ਅਫਸਰ ਰਵਿੰਦਰ ਸਿੰਘ, ਐਨਐਮਐਸ ਪਰਮਜੀਤ ਕੌਰ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਫਾਰਮੇਸੀ ਅਫਸਰ ਕਿਰਨ ਸੈਣੀ, ਮਲਟੀਪਰਪਸ ਹੈਲਥ ਵਰਕਰ ਰਵਿੰਦਰ ਸਿੰਘ ਅਤੇ ਹਸਪਤਾਲ ਵਿਖੇ ਆਏ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ।