Close

Health Department issues advisory to protect against heatwave

Publish Date : 21/05/2025
Health Department issues advisory to protect against heatwave

ਲੂ (ਗਰਮੀ) ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਕੀਤੀ ਗਈ ਐਡਵਾਜ਼ਰੀ ਜਾਰੀ

ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਓ – ਡਾ. ਸਵਪਨਜੀਤ ਕੌਰ

ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ – ਸਿਵਲ ਸਰਜਨ

ਘਰ ਤੋਂ ਬਾਹਰ ਜਾਣ ਸਮੇਂ ਪਾਣੀ ਅਤੇ ਗਿੱਲਾ ਕੱਪੜਾ ਨਾਲ ਲੈ ਕੇ ਜਾਣ ਨਾਲ ਲੂ ਲੱਗਣ ਤੋਂ ਬਚਿਆ ਜਾ ਸਕਦਾ

ਰੂਪਨਗਰ, 21 ਮਈ: ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਲੂਅ ਤੋਂ ਬਚਣ ਲਈ ਅਡਵਾਈਜ਼ਰੀ ਜਾਰੀ ਕੀਤੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀ ਹੈ। ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ।

ਡਾ. ਸਵਪਜਜੀਤ ਕੌਰ ਨੇ ਦੱਸਿਆ ਕਿ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂਅ ਲੱਗਣਾ ਜਾਂ ਹੀਟ ਸਟ੍ਰੋਕ ਕਹਿੰਦੇ ਹਨ। ਆਮ ਤੌਰ ’ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂੂਅ ਲੱਗ ਹੀ ਨਹੀਂ ਸਕਦੀ ਪਰੰਤੂ ਇੱਕ ਰਿਪੋਰਟ ਦੇ ਅਨੁਸਾਰ ਲੂਅ ਲੱਗਣਾ (ਹੀਟ ਸਟ੍ਰੋਕ) ਬਹੁਤ ਖਤਰਨਾਕ ਬਿਮਾਰੀ ਹੈ।

ਉਨ੍ਹਾਂ ਦੱਸਿਆ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਤੇ ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾਲੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਦੇ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇਘਰ ਹੋ ਕੇ ਸੜਕਾਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕੀਂ ਇਸ ਦਾ ਜਲਦੀ ਸ਼ਿਕਾਰ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗਰਮੀ ਜਾਂ ਲੂਅ ਲੱਗਣ ਦੇ ਲੱਛਣ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ, ਹਲਕਾ ਜਾਂ ਤੇਜ਼ ਬੁਖਾਰ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਅਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਕਰਕੇ ਪਿੱਤ ਦਾ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ਵਿੱਚ ਦਰਦ ਅਤੇ ਲਾਲ ਗਰਮ ਤੇ ਖੁਸ਼ਕ ਚਮੜੀ ਹਨ। ਉਨ੍ਹਾਂ ਕਿਹਾ ਕਿ ਲੂ ਲੱਗਣ ਵਿੱਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ, ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਖ਼ਤਰਨਾਕ ਸਥਿਤੀ ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104—105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ, ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ, ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੀ ਘਬਰਾਹਟ ਵਿੱਚ ਹੋਣਾ ਜਾਂ ਪਾਗਲਾਂ ਵਰਗਾ ਵਿਵਹਾਰ ਕਰਨ ਲੱਗ ਪੈਣਾ ਆਦਿ ਹਨ।

ਲੂ ਦੇ ਲੱਛਣ ਨਜ਼ਰ ਆਉਣ ਤੇ ਬਚਾਅ ਸਬੰਧੀ ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ, ਵਿਅਕਤੀ ਨੂੰ ਪੀਣ ਲਈ ਕੁਝ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ, ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿੱਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ, ਬੁਖਾਰ ਨੂੰ ਘੱਟ ਕਰਨ ਦੇ ਲਈ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ।

ਗਰਮੀ ਚ ਲੂਅ ਤੋਂ ਬਚਣ ਦੇ ਲਈ ਉਨ੍ਹਾਂ ਕਿਹਾ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਏ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ, ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ, ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਅਤੇ ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਿਆ ਜਾਵੇ।

ਇਸ ਦੇ ਨਾਲ ਖਾਲੀ ਪੇਟ ਘਰੋਂ ਬਾਹਰ ਨਾ ਨਿਕਲਣ, ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕਰਨ ਕੁਲਰ ਜਾਂ ਏ.ਸੀ. ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਣ ਅਤੇਬਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਸਿਵਲ ਸਰਜਨ ਵੱਲੋਂ ਦਿੱਤੀ ਗਈ।

ਡਾ. ਸਵਪਨਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਅਧੀਨ ਏਰੀਆ ਵਿੱਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਏ ਦੇ ਸਹਿਯੋਗ ਨਾਲੇ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ।