• Site Map
  • Accessibility Links
  • English
Close

Harvest the crop once it is fully ripe and bring the dry paddy to the market – Chief Agriculture Officer

Publish Date : 17/09/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ਤੇ ਕਟਾਈ ਕਰਵਾ ਕੇ ਸੁੱਕਾ ਝੋਨਾ ਮੰਡੀ ਲਿਆਓ – ਮੁੱਖ ਖੇਤੀਬਾੜੀ ਅਫ਼ਸਰ

ਸਰਕਾਰ ਵੱਲੋਂ ਝੋਨੇ ਦੀ ਫ਼ਸਲ ਲਈ 17 ਫ਼ੀਸਦੀ ਨਮੀਂ ਦੀ ਮਾਤਰਾ ਕੀਤੀ ਨਿਰਧਾਰਿਤ

ਰੂਪਨਗਰ, 17 ਸਤੰਬਰ: ਜ਼ਿਲ੍ਹਾ ਰੂਪਨਗਰ ਵਿੱਚ ਚਾਲੂ ਸੀਜ਼ਨ ਦੌਰਾਨ ਤਕਰੀਬਨ 40 ਹਜ਼ਾਰ ਹੈੱਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ, ਜਿਸ ਤੋਂ ਤਕਰੀਬਨ 2.5 ਲੱਖ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਇਸ ਪੈਦਾਵਾਰ ਦੇ ਸੁਚੱਜੇ ਮੰਡੀਕਰਨ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਤੁਲਾਈ ਅਤੇ ਬੋਲੀ ਸਮੇਂ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 16 ਸਤੰਬਰ ਤੋਂ ਝੋਨੇ ਦਾ ਮੰਡੀਕਰਨ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਉੱਪਰ ਫ਼ਿਲਹਾਲ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਅਗੇਤਰੀਆਂ ਕਿਸਮਾਂ ਦੀ ਪ੍ਰਪ੍ਰਾਗਨ ਪ੍ਰੀਕਿਰਿਆ ਪ੍ਰਭਾਵਿਤ ਹੋਣ ਨਾਲ ਮੁੰਝਰਾਂ ਦੇ ਕੁਝ ਦਾਣੇ ਬਦਰੰਗ ਹੋ ਗਏ ਹਨ ਜਿਸ ਨਾਲ ਜਿਨਸ ਦੇ ਮਿਆਰੀਪਨ ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਜਗਾ ਤੇ ਝੋਨੇ ਦੇ ਬੌਣੇ ਬੂਟਿਆਂ ਦੇ ਵਿਸ਼ਾਨੂੰ ਰੋਗ ਦਾ ਹਮਲਾ ਦੇਖਿਆ ਗਿਆ ਸੀ ਪਰ ਸਮੇਂ ਸਿਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਕਾਰਨ ਹਾਲਤ ਕਾਬੂ ਹੇਠ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿਚ ਫੋਕ ਦੀ ਮਾਤਰਾ ਘਟਾਉਣ ਲਈ ਗੱਬ ਭਰਨ ਦੀ ਅਵਸਥਾ ਤੇ 3 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 200 ਲੀਟਰ ਪਾਣੀ ਦੇ ਘੋਲ ਵਿਚ ਪ੍ਰਤੀ ਏਕੜ ਛਿੜਕਾਅ ਕਰ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਫ਼ਸਲ ਦਾ ਘੱਟੋ ਘੱਟ ਖ਼ਰੀਦ ਸਮਰਥਨ ਮੁੱਲ 2389/- ਰੁਪਏ (ਗਰੇਡ ਏ) ਪ੍ਰਤੀ ਕੁਇੰਟਲ ਮੁਕੱਰਰ ਕੀਤਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਕਟਾਈ ਫ਼ਸਲ ਦੇ ਪੂਰੀ ਤਰਾਂ ਪੱਕਣ ‘ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਫ਼ਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ‘ਤੇ ਅਸਰ ਪਾਉਂਦੇ ਹਨ । ਇਸ ਤਰਾਂ ਕਿਸਾਨ ਨੂੰ ਕਈ ਵਾਰ ਜਿਨਸ ਦਾ ਘੱਟ ਭਾਅ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿੱਚ ਨਮੀਂ ਦੀ ਮਾਤਰਾ ਨਿਰਧਾਰਿਤ ਮਾਪਦੰਡ 17 ਫ਼ੀਸਦੀ ਅਨੁਸਾਰ ਹੀ ਹੋਣੀ ਚਾਹੀਦੀ ਕਿਉਂਕਿ ਨਮੀ ਦੀ ਮਾਤਰਾ ਦੇ ਆਧਾਰ ‘ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬਿਹਤਰ ਹੋਵੇਗਾ ਜੇਕਰ ਕਿਸਾਨ ਖੜੀ ਫ਼ਸਲ ਨੂੰ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫ਼ਸਲ ਵੇਚ ਕੇ ਸਮੇਂ ਸਿਰ ਘਰ ਵਾਪਸ ਜਾ ਸਕੇ। ਉਨ੍ਹਾਂ ਕਿਹਾ ਕਿ ਸਵੇਰੇ ਅਤੇ ਦੇਰ ਸ਼ਾਮ ਨੂੰ ਤਰੇਲ ਪੈਣ ਕਾਰਨ, ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 6 ਵਜੇ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ ਤਾਂ ਜੋ ਨਮੀ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਰਹੇ।