Fruits and medicines distributed to leprosy patients on the occasion of Gandhi Jayanti

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਗਾਂਧੀ ਜਯੰਤੀ ਮੌਕੇ ਕੁਸ਼ਟ ਆਸ਼ਰਮ ਮਰੀਜ਼ਾਂ ਨੂੰ ਫਲ ਤੇ ਦਵਾਈਆਂ ਵੰਡੀਆਂ
ਰੂਪਨਗਰ, 02 ਅਕਤੂਬਰ – ਗਾਂਧੀ ਜਯੰਤੀ ਦੇ ਮੌਕੇ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੁਸ਼ਟ ਆਸ਼ਰਮ ਵਿਖੇ ਰਹਿ ਰਹੇ ਮਰੀਜ਼ਾਂ ਨੂੰ ਮੌਸਮੀ ਫਲ, ਦਵਾਈਆਂ ਅਤੇ ਲੋੜੀਂਦਾ ਸਮਾਨ ਵੰਡਿਆ ਗਿਆ।
ਇਸ ਮੌਕੇ ਚਮੜੀ ਰੋਗਾਂ ਦੀ ਮਾਹਿਰ ਡਾ. ਅਮਨਦੀਪ ਕੌਰ ਵੱਲੋਂ ਮਰੀਜ਼ ਪਰਿਵਾਰਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਉਹਨਾਂ ਨੂੰ ਸਿਹਤ ਵਿਭਾਗ ਵੱਲੋਂ ਉਪਲਬਧ ਮੁਫਤ ਸਿਹਤ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੁਸ਼ਟ ਰੋਗੀਆਂ ਲਈ ਮੁਫਤ ਦਵਾਈਆਂ ਅਤੇ ਜ਼ਿਲ੍ਹਾ ਹਸਪਤਾਲ ਰੂਪਨਗਰ ਵੱਲੋਂ 24 ਘੰਟੇ ਮੁਫਤ ਸਿਹਤ ਸੇਵਾਵਾਂ ਉਪਲਬਧ ਹਨ।
ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਮੜੀ ’ਤੇ ਹਲਕੇ ਪੀਲੇ ਜਾਂ ਤਾਂਬੇ ਰੰਗ ਦੇ ਧੱਬੇ, ਚਮੜੀ ਦਾ ਸੁੰਨ ਹੋਣਾ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਦਾ ਝੜ ਜਾਣਾ, ਠੰਡੀ-ਗਰਮ ਵਸਤੂ ਦਾ ਅਹਿਸਾਸ ਨਾ ਹੋਣਾ, ਚਿਹਰੇ ਦਾ ਚਮਕਦਾਰ ਹੋ ਜਾਣਾ, ਪਸੀਨਾ ਨਾ ਆਉਣਾ ਆਦਿ ਕੁਸ਼ਟ ਰੋਗ ਦੇ ਮੁੱਖ ਲੱਛਣ ਹਨ। ਜੇ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਪ੍ਰਗਟ ਹੋਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਸ਼੍ਰੀਮਤੀ ਪਰਮਜੀਤ ਕੌਰ (ਐੱਨ.ਐੱਮ.ਐੱਸ.) ਵੀ ਹਾਜ਼ਰ ਸਨ।