Free health services should be provided to maximum number of people in Aam Aadmi Clinics: Mrs. Amandeep Kaur
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਆਮ ਆਦਮੀ ਕਲੀਨਿਕਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ : ਸ਼੍ਰੀਮਤੀ ਅਮਨਦੀਪ ਕੌਰ
ਰੂਪਨਗਰ, 5 ਜੂਨ : ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਦੇ ਪ੍ਰਬੰਧਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਈ- ਸੁਸ਼ਰੁਤ ਆਮ ਆਦਮੀ ਕਲੀਨਿਕ ਐਪਲੀਕੇਸ਼ਨ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਕਰਨ, ਸੀ.ਆਰ. ਨੰਬਰ ਜਨਰੇਟ ਕਰਨ, ਮੈਡੀਕਲ ਅਫਸਰ ਦੁਆਰਾ ਦਵਾਈ ਲਿਖਣ ਤੋਂ ਲੈ ਕੇ ਮਰੀਜ਼ਾਂ ਨੂੰ ਫਾਰਮੇਸੀ ਅਫ਼ਸਰ ਦੁਆਰਾ ਦਵਾਈ ਜਾਰੀ ਕਰਨ ਅਤੇ ਸਟਾਕ ਵਿੱਚੋਂ ਦਵਾਈਆਂ ਕੱਢਣ ਦੇ ਕੰਮਕਾਜ ਨੂੰ ਨਿਯਮਤ ਢੰਗ ਨਾਲ਼ ਨੇਪਰੇ ਚਾੜਨ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਿਲ੍ਹੇ ਵਿੱਚ 20 ਆਮ ਆਦਮੀ ਕਲੀਨਿਕ ਕਾਰਜਸ਼ੀਲ ਕਰ ਦਿੱਤੇ ਹਨ। ਇਹ ਕਲੀਨਿਕ ਲੋਕਾਂ ਦੇ ਘਰਾਂ ਦੇ ਨੇੜੇ ਹੋਣ ਕਰਕੇ ਆਮ ਲੋਕਾਂ ਲਈ ਬਹੁਤ ਸਹਾਈ ਸਿੱਧ ਹੋ ਰਹੇ ਹਨ। ਇਹ ਕਲੀਨਿਕ ਸ਼ੁਰੂ ਹੋਣ ਨਾਲ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਏ ਹਨ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਇੱਕੋ ਛੱਤ ਹੇਠ ਓ.ਪੀ.ਡੀ. ਸੇਵਾਵਾਂ, ਮਾਂ ਅਤੇ ਬੱਚੇ ਦੀਆਂ ਸੇਵਾਵਾਂ, ਪਰਿਵਾਰ ਨਿਯੋਜਨ ਦੀਆਂ ਸਹੂਲਤਾਂ, ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ ਆਮ ਲੋਕਾਂ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਐਚ ਬੀ, ਬਲੱਡ ਸ਼ੂਗਰ, ਬਲੱਡ ਗਰੁੱਪ, ਐਚ ਆਈ ਵੀ, ਐਚ ਸੀ ਵੀ (ਕਾਲਾ ਪੀਲੀਆ), ਐਚ ਬੀ ਐਸ ਏ ਜੀ (ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਤ), ਵੀ ਡੀ ਆਰ ਐਲ (ਗਰਭ ਦੌਰਾਨ ਜਾਂਚ), ਪਿਸ਼ਾਬ ਰਾਹੀਂ ਸ਼ੂਗਰ ਦੀ ਜਾਂਚ, ਪਿਸ਼ਾਬ ਰਾਹੀਂ ਅਲਬੁਮੇਨ ਦੀ (ਪੀਲੀਆ) ਜਾਂਚ, ਪਿਸ਼ਾਬ ਰਾਹੀਂ ਗਰਭ ਦੀ ਜਾਂਚ, ਖੂਨ ਰਾਹੀਂ ਮਲੇਰੀਆ ਦੀ ਜਾਂਚ ਆਦਿ ਤੋਂ ਇਲਾਵਾ ਹੋਰ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਗਰਮੀਆਂ ’ਚ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਕੇ ਮੁਢਲੇ ਸਿਹਤ ਸੰਭਾਲ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਨ।