Close

For the healthy life of our children, ensure that all vaccinations are administered on time as per the vaccination card – Civil Surgeon

Publish Date : 18/03/2026
For the healthy life of our children, ensure that all vaccinations are administered on time as per the vaccination card - Civil Surgeon

ਆਪਣੇ ਬੱਚਿਆਂ ਦੀ ਸਿਹਤਮੰਦ ਜ਼ਿੰਦਗੀ ਲਈ ਟੀਕਾਕਰਨ ਕਾਰਡ ਅਨੁਸਾਰ ਸਾਰੇ ਟੀਕੇ ਸਮੇਂ ਸਿਰ ਲਗਵਾਉਣੇ ਯਕੀਨੀ ਬਣਾਏ ਜਾਣ – ਸਿਵਲ ਸਰਜਨ

ਜ਼ਿਲ੍ਹੇ ‘ਚ ‘ਵਿਸ਼ਵ ਟੀਕਾਕਰਨ ਹਫ਼ਤਾ’ ਮਨਾਉਂਦਿਆਂ ਬੱਚੇ ਅਤੇ ਗਰਭਵਤੀ ਮਹਿਲਾਵਾਂ ਦਾ ਕੀਤਾ ਜਾ ਰਿਹਾ ਟੀਕਾਕਰਨ

ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ ‘ਚ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਟੀਕਾਕਰਨ

ਰੂਪਨਗਰ, 17 ਮਾਰਚ: ਸਿਹਤ ਵਿਭਾਗ ਰੂਪਨਗਰ ਵੱਲੋਂ ਜ਼ਿਲ੍ਹੇ ਵਿੱਚ ‘ਵਿਸ਼ਵ ਟੀਕਾਕਰਨ ਹਫ਼ਤਾ’ 16 ਮਾਰਚ ਤੋਂ 20 ਮਾਰਚ ਤੱਕ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ 0-5 ਹਰ ਉਸ ਬੱਚੇ ਅਤੇ ਗਰਭਵਤੀ ਮਹਿਲਾ ਤੱਕ ਪਹੁੰਚ ਕਰਨਾ ਹੈ, ਜੋ ਕਿਸੇ ਕਾਰਨ ਕਰਕੇ ਆਪਣੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ।

ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ 12 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਸੁਰੱਖਿਆ ਕਵਚ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਟੀਕਾਕਰਣ ਹਫਤੇ ਦਾ ਮੁੱਖ ਉਦੇਸ਼ ਹੈ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ‘ਜ਼ੀਰੋ ਡੋਜ਼’ ਵਾਲੇ ਬੱਚਿਆਂ ਅਤੇ ‘ਡਰਾਪ ਆਊਟ’ ਕੇਸਾ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਟੀਕਾਕਰਨ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮੀਜ਼ਲ ਤੇ ਰੂਬੇਲਾ ਵਰਗੀਆਂ ਮਾਰੂ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਨ 100 ਫ਼ੀਸਦੀ ਮੁਕੰਮਲ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।

ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਿਹਤ ਟੀਮਾਂ ਵੱਲੋਂ ਖ਼ਾਸ ਕਰਕੇ ਸਲੱਮ ਏਰੀਆ, ਭੱਠਿਆਂ, ਗੁੱਜਰ ਬਸਤੀਆਂ ਅਤੇ ਉਸਾਰੀ ਅਧੀਨ ਥਾਵਾਂ ‘ਤੇ ਰਹਿਣ ਵਾਲੀ ਮਾਈਗ੍ਰੇਟਰੀ ਆਬਾਦੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਨਾਲ-ਨਾਲ ਗਰਭਵਤੀ ਮਹਿਲਾਵਾਂ ਦਾ ਟੈਟਨਸ ਟੀਕਾਕਰਨ ਵੀ ਬਹੁਤ ਲਾਜ਼ਮੀ ਹੈ। ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਵਿਸ਼ੇਸ਼ ਮਾਈਕ੍ਰੋ ਪਲਾਨ ਤਿਆਰ ਕੀਤੇ ਗਏ ਹਨ ਤਾਂ ਜੋ ਹਰ ਪਿੰਡ ਅਤੇ ਵਾਰਡ ਨੂੰ ਕਵਰ ਕੀਤਾ ਜਾ ਸਕੇ।

ਸਿਵਲ ਸਰਜਨ ਨੇ ਦੱਸਿਆ ਕਿ ਇਹ ਸਾਰੇ ਟੀਕੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਬਿਲਕੁਲ ਮੁਫ਼ਤ ਲਗਾਏ ਜਾ ਰਹੇ ਹਨ। ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਟੀਕਾਕਰਨ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਰੂਪਨਗਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿਹਤਮੰਦ ਜ਼ਿੰਦਗੀ ਲਈ ਟੀਕਾਕਰਨ ਕਾਰਡ ਅਨੁਸਾਰ ਸਾਰੇ ਟੀਕੇ ਸਮੇਂ ਸਿਰ ਲਗਵਾਉਣ। ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਰਹਿ ਗਿਆ ਹੈ ਤਾਂ ਇਸ ਵਿਸ਼ੇਸ਼ ਹਫ਼ਤੇ ਦੌਰਾਨ ਉਸ ਦਾ ਟੀਕਾਕਰਨ ਕਰਵਾ ਲਿਆ ਜਾਵੇ।