Close

For Prevention of Dengue and Mosquito-borne diseases, District level committee meeting chaired by Deputy Commissioner Dr.Preeti Yadav

Publish Date : 17/05/2022
For Prevention of Dengue and Mosquito-borne diseases, District level committee meeting chaired by Deputy Commissioner Dr.Preeti Yadav

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਾ. ਪ੍ਰੀਤੀ ਯਾਦਵ ਨੇ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਤੇ ਸ਼ਹਿਰਾਂ ‘ਚ ਸਮੇਂ ਅਨੁਸਾਰ ਫੋਗਿੰਗ ਕਰਵਾਉਣ ਦੇ ਆਦੇਸ਼ ਦਿੱਤੇ

ਰੂਪਨਗਰ, 17 ਮਈ: ਡੇਂਗੂ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਅਧੀਨ ਜ਼ਿਲ੍ਹਾ ਪੱਧਰ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਉੱਤੇ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਵਿਖੇ ਫੋਗਿੰਗ ਨੂੰ ਯਕੀਨੀ ਕਰਨ ਲਈ ਆਦੇਸ਼ ਦਿੱਤੇ ਕਿ ਡੇਂਗੂ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਰੂਪਨਗਰ ਜ਼ਿਲ੍ਹੇ ਦੇ ਬਲਾਕਾਂ ਦਾ ਮਾਈਕਰੋ ਪਲਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਨੁਸਾਰ ਡੇਂਗੂ ਦਾ ਪ੍ਰਭਾਵ ਜੁਲਾਈ ਤੋਂ ਅਕਤੂਬਰ ਮਹੀਨੇ ਦੌਰਾਨ ਜਿਆਦਾ ਰਹਿੰਦਾ ਹੈ ਪਰ ਪਿਛਲੇ ਸਾਲ ਵਿੱਚ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਜਿਸ ਲਈ ਇਹ ਜਰੂਰੀ ਹੈ ਕਿ ਡੇਂਗੂ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿਛਲੇ ਸਾਲ ਭਰਤਗੜ੍ਹ ਵਿਖੇ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਤਰ੍ਹਾਂ ਹੀ ਜ਼ਿਲ੍ਹੇ ਦੇ ਜਿਨ੍ਹਾਂ ਵੀ ਇਲਾਕਿਆਂ ਵਿੱਚ ਡੇਂਗੂ ਦੀ ਮਾਰ ਜਿਆਦਾ ਪਈ ਹੈ ਉਸ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਡੇਂਗੂ ਦੇ ਵਧੇ ਮਾਮਲਿਆਂ ਦੇ ਕਾਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੂਪ-ਰੇਖਾ ਤਿਆਰ ਕੀਤੀ ਜਾ ਸਕੇ। ਉਨ੍ਹਾਂ ਸਿਵਲ ਸਰਜਨ ਡਾ. ਪਰਿੰਮਦਰ ਕੁਮਾਰ ਨੂੰ ਹਦਾਇਤ ਕੀਤੀ ਕਿ ਇਹ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਾਇਵੇਟ ਸਿਹਤ ਸੰਸਥਾਵਾਂ ਯਕੀਨੀ ਕਰਨ ਕਿ ਡੇਂਗੂ ਬੁਖਾਰ ਦਾ ਟੈਸਟ ਆਪਣੀ ਲੈਬ ਤੇ ਕਰਨ ਉਪਰੰਤ ਮਰੀਜ ਨੂੰ ਅਲਾਇਜਾ ਵਿਧੀ ਨਾਲ ਹੋਣ ਵਾਲੇ ਟੈਸਟ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਵੇ ਅਤੇ ਡੇਂਗੂ ਦੇ ਸ਼ੱਕੀ ਮਰੀਜਾਂ ਦੀ ਜਾਣਕਾਰੀ ਵੀ ਭੇਜੀ ਜਾਵੇ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਨੂੰ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਕਿ ਛੱਤ ਉਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਅਤੇ ਧਰਤੀ ਵਿੱਚ ਪੁੱਟੇ ਪਾਣੀ ਦੇ ਟੈਂਕ ਆਦਿ ਪੂਰੀ ਤਰ੍ਹਾਂ ਢੱਕ ਕੇ ਰੱਖੇ ਜਾਣ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਬਾੜੀਆਂ ਦੀਆਂ ਦੁਕਾਨਾਂ ਪੁਰਾਣੇ ਟਾਇਰਾਂ ਆਦਿ ਵਿੱਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਬੰਧਿਤ ਅਧਿਕਾਰੀਆਂ ਦੀ ਡਿਊਟੀ ਲਗਵਾਉਣ ਬਾਰੇ ਵੀ ਕਿਹਾ।

ਡਾ. ਪ੍ਰੀਤੀ ਯਾਦਵ ਨੇ ਸਿੱਖਿਆ ਵਿਭਾਗ ਨੂੰ ਵੈਕਟਰ ਵੋਰਨ ਬਿਮਾਰੀਆਂ ਤੋਂ ਸਮੇਂ ਸਿਰ ਬਚਾਅ ਲਈ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਥਨਾ ਵਿੱਚ ਜਾਣਕਾਰੀ ਦੇਣ ਲਈ ਵੀ ਹਦਾਇਤ ਕੀਤੀ। ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਨੂੰ ਕਿਹਾ ਕਿ ਪਿੰਡ ਵਿੱਚ ਸਬੰਧਿਤ ਸਰਪੰਚ ਨਾਲ ਤਾਲਮੇਲ ਕਰਕੇ ਪਿੰਡਾਂ ਦੀ ਸਾਫ-ਸਫਾਈ, ਪਾਣੀ ਦੀ ਨਿਕਾਸੀ, ਛੱਪੜਾਂ ਵਿੱਚ ਹਰ ਹਫਤੇ ਕਾਲਾ ਤੇਲ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀ ਮੰਡੀਆਂ, ਪਸ਼ੂ ਮੇਲੇ ਲੱਗਣ ਸਮੇਂ ਬਣਾਈਆਂ ਜਾਂਦੀਆਂ ਹੋਦੀਆਂ ਨੂੰ ਹਰ ਹਫਤੇ ਸਾਫ ਕਰੇ ਜਾਂ ਮੇਲਾ ਖਤਮ ਹੋਣ ਉਪਰੰਤ ਇਸ ਨੂੰ ਮਿੱਟੀ ਨਾਲ ਪੂਰਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੂਰਾਂ ਅਤੇ ਹੋਰ ਪਸ਼ੂਆਂ ਦੇ ਰੱਖ-ਰਖਾਵ ਕਰਨ ਵਾਲੇ ਮਾਲਕਾਂ ਨੂੰ ਉਸ ਜਗ੍ਹਾਂ ਦੇ ਆਸ-ਪਾਸ ਸਫਾਈ ਰੱਖਣ ਲਈ ਕਿਹਾ ਜਾਵੇ ਤਾਂ ਜੋ ਮੱਛਰਾਂ ਦੀ ਬ੍ਰੀਡਿੰਗ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਹਦਾਇਤ ਕੀਤੀ ਕਿ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਆਪਣੇ ਅਧੀਨ ਆਉਂਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਦੇ ਪਾਣੀ ਦੀ ਲੀਕੇਜ/ਸੀਵਰ ਦੇ ਓਵਰਫਲੋ ਨੂੰ ਹੋਣ ਤੋਂ ਬਚਾਅ ਲਈ ਲਗਾਤਾਰ ਸਰਵੇ ਕਰਨ। ਜੇ ਕਿਸੇ ਸਥਾਨ ਤੇ ਲੀਕੇਜ ਪਾਈ ਜਾਂਦੀ ਹੈ ਉਸ ਨੂੰ ਠੀਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਡਾ. ਪ੍ਰੀਤੀ ਯਾਦਵ ਨੇ ਵਿਸ਼ੇਸ਼ ਤੌਰ ਤੇ ਪਬਲਿਕ ਹੈਲਥ, ਪੰਜਾਬ ਰੋਡਵੇਜ, ਪਬਲਿਕ ਵਰਕਜ਼ ਅਤੇ ਸਿੰਚਾਈ ਵਿਭਾਗ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਆਮ ਜਨਤਾ ਨੂੰ ਡੇਂਗੂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀ ਮਾਸ ਮੀਡੀਆ ਵਿੰਗ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਕਿਉਂਕਿ ਡੇਂਗੂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਕੇਵਲ ਜਾਗਰੂਕਤਾ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਏ.ਡੀ.ਸੀ. ਨਿਧੀ ਕੁਮੁਦ ਬਾਂਬਾ, ਐਸ.ਐਮ.ਓ. ਡਾ. ਤਰਸ਼ੇਮ ਸਿੰਘ, ਐਸ.ਐਮ.ਓ. ਡਾ. ਚਰਜੀਤ ਕੁਮਾਰ, ਐਸ.ਐਮ.ਓ. ਡਾ. ਵਿਧਾਨ ਚੰਦਰ, ਐਸ.ਐਮ.ਓ. ਡਾ. ਨਰੇਸ਼ ਕੁਮਾਰ, ਡਾ. ਸੁਮਿਤ ਕੁਮਾਰ, ਡੀ.ਐਫ.ਐਸ.ਸੀ. ਸਤਵੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਮ੍ਰਿਤ ਕੁਮਾਰੀ ਅਤੇ ਕਾਰਜ ਸਾਧਕ ਅਫਸਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।