• Site Map
  • Accessibility Links
  • English
Close

Five-day training program on “Making Sweets for the Festive Season” concluded at KVK Ropar

Publish Date : 29/09/2025
Five-day training program on

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਕੇ.ਵੀ.ਕੇ. ਰੋਪੜ ਵਿਖੇ “ਤਿਉਹਾਰਾਂ ਦੇ ਸੀਜ਼ਨ ਲਈ ਮਿਠਾਈਆਂ ਬਣਾਉਣਾ” ਵਿਸ਼ੇ ‘ਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਸਮਾਪਤ

ਰੂਪਨਗਰ, 29 ਸਤੰਬਰ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕੇ.ਵੀ.ਕੇ. ਰੋਪੜ ਵਿਖੇ 23 ਸਤੰਬਰ ਤੋਂ 29 ਸਤੰਬਰ 2025 ਤੱਕ “ਤਿਉਹਾਰਾਂ ਦੇ ਸੀਜ਼ਨ ਲਈ ਮਿਠਾਈਆਂ ਬਣਾਉਣਾ” ਵਿਸ਼ੇ ‘ਤੇ ਪੰਜ ਦਿਨਾਂ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ ਅੱਜ ਸਫਲਤਾਪੂਰਵਕ ਸੰਪੰਨ ਹੋਇਆ।

ਇਸ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਡਾ. ਸਤਬੀਰ ਸਿੰਘ, ਸਹਿਯੋਗੀ ਨਿਰਦੇਸ਼ਕ (ਟ੍ਰੇਨਿੰਗ) ਕੇ.ਵੀ.ਕੇ. ਰੋਪੜ ਨੇ ਕੀਤੀ। ਪ੍ਰੋਗਰਾਮ ਵਿੱਚ ਵੱਖ-ਵੱਖ ਪਿੰਡਾਂ ਦੀਆਂ 21 ਸਿੱਖਿਆਰਥਣਾਂ ਨੇ ਭਾਗ ਲਿਆ। ਡਾ. ਸਤਬੀਰ ਸਿੰਘ ਨੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗ੍ਰਹਿ ਵਿਗਿਆਨ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ, ਮੁੱਲ ਵਾਧੇ ਰਾਹੀਂ ਖੇਤੀਬਾੜੀ-ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਛੋਟੇ ਸਵੈ-ਸਹਾਇਤਾ ਸਮੂਹ ਬਣਾਕੇ ਇਸ ਉੱਦਮ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।

ਸ਼੍ਰੀਮਤੀ ਮਨਪ੍ਰੀਤ ਕੌਰ, ਡੈਮੋਨਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਭਾਗੀਦਾਰਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ ਜਿਵੇਂ ਕਿ ਢੋਡਾ ਬਰਫੀ, ਚੁਕੰਦਰ ਲੱਡੂ, ਖੋਆ ਲੱਡੂ, ਬੂੰਦੀ ਲੱਡੂ, ਬਾਲੂਸ਼ਾਹੀ, ਗੁੜ ਵਾਲੀ ਮੱਠੀ, ਮਟਰੀ ਅਤੇ ਕੇਕ ਆਦਿ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ।

ਭਾਗੀਦਾਰਾਂ ਨੇ ਪ੍ਰੋਗਰਾਮ ਵਿੱਚ ਗਹਿਰੀ ਦਿਲਚਸਪੀ ਦਿਖਾਈ ਅਤੇ ਯਕੀਨ ਦਵਾਇਆ ਕਿ ਉਹ ਤਿਉਹਾਰਾਂ ਦੇ ਮੌਸਮ ਦੌਰਾਨ ਘਰੇਲੂ ਪੱਧਰ ’ਤੇ ਇਹ ਉਤਪਾਦ ਤਿਆਰ ਕਰਕੇ ਆਮਦਨ ਵਧਾਉਣਗੇ।